ਸਕੂਲ ਦੇ ਦਿਨਾਂ ਵਿੱਚ ਉਹ ਰੋਜ਼ਾਨਾ ਕਾਰ ’ਤੇ ਆਉਂਦਾ ਸੀ। ਉਨ੍ਹਾਂ ਦਿਨਾਂ ਵਿੱਚ ਪੂਰੇ ਸ਼ਹਿਰ ’ਚ ਚਾਰ ਪੰਜ ਕਾਰਾਂ ਸਨ। ਅਮੀਰ ਬਾਪ ਦਾ ਲਾਡਲਾ ਬੇਟਾ ਸੀ। ਪੜ੍ਹਣ ਨਾਲੋਂ ਮਨੋਰੰਜਨ ਪਿਆਰਾ ਸੀ। ‘‘ਮੈਨੂੰ ਭਲਾ ਪੜ੍ਹਨ ਦੀ ਕੀ ਲੋੜ ਹੈ। ਬਾਪ ਕੋਲ ਬਥੇਰਾ ਪੈਸਾ ਹੈ। ਸਾਰੀ ਉਮਰ ਮੁਕਦਾ ਨਹੀਂ’’ ਇਸੇ ਬਿਰਤੀ ਕਾਰਨ ਉਹ ਦਸਵੀਂ ਵੀ ਨਹੀਂ ਟੱਪ ਸਕਿਆ ਸੀ। ਇਕ ਦਿਨ ਮੈਂ ਦੁਬੱਈ ਵਾਲੇ ਸ. ਐਸ.ਪੀ. ਸਿੰਘ ਓਬਰਾਏ ਨਾਲ ਸੰਗਰੂਰ ਜੇਲ੍ਹ ਵਿੱਚ ਗਿਆ ਜਿਥੇ ਉਨ੍ਹਾਂ ਨੇ ਮਹਿਲਾ ਕੈਦੀਆਂ ਦੇ ਛੋਟੇ ਬੱਚਿਆਂ ਲਈ ਕਰੈਚ ਸ਼ੁਰੂ ਕੀਤਾ ਸੀ। ਉਥੇ ਮੈਨੂੰ ਉਹ ਅਮੀਰ ਬਾਪ ਦਾ ਬੇਟਾ ਮਿਲ ਗਿਆ। ਮੈਨੂੰ ਉਸ ਦੀ ਹਾਲਤ ਵੇਖਕੇ ਤਰਸ ਆਇਆ। ਉਹ ਕਿਸੇ ਫਰਾਡ ਦੇ ਕੇਸ ਵਿੱਚ ਜੇਲ੍ਹ ਕੱਟ ਰਿਹਾ ਸੀ। ਮੈਨੂੰ ਉਸ ਨੇ ਦੱਸਿਆ ਕਿ ਪਿਉ ਦੇ ਮਰਨ ਤੋਂ ਬਾਅਦ ਉਸ ਨੇ ਬੇਰਹਿਮੀ ਨਾਲ ਪੈਸਾ ਲੁਟਾਇਆ। ਕੰਮ ਕੋਈ ਆਉਂਦਾ ਨਹੀਂ ਸੀ ਨਾ ਹੀ ਮਿਹਨਤ ਦੀ ਆਦਤ ਸੀ। ਇਕ ਵਕਤ ਅਜਿਹਾ ਆਇਆ ਕਿ ਉਹ ਪੈਸੇ-ਪੈਸੇ ਨੂੰ ਮੁਥਾਜ ਹੋ ਗਿਆ। ਜਿਨ੍ਹਾਂ ਲੋਕਾਂ ਦਾ ਕਰਜ਼ਾ ਲੈ ਕੇ ਉਹ ਭੱਜਿਆ ਸੀ, ਉਨ੍ਹਾਂ ਨੇ ਕੇਸ ਕਰ ਦਿੱਤਾ ਅਤੇ ਹੁਣ ਉਹ ਸਜ਼ਾ ਕੱਟ ਰਿਹਾ ਸੀ।
ਮੈਂ ਵਾਪਸ ਆਉਂਦਾ ਹੋਇਆ ਉਸ ਬਾਰੇ ਸੋਚ ਰਿਹਾ ਸੀ। ਮੈਨੂੰ ਲੱਗਾ ਕਿ ਉਸ ਨਾਲੋਂ ਉਸ ਦੇ ਬਾਪ ਦਾ ਕਸੂਰ ਜ਼ਿਆਦਾ ਸੀ। ਚੰਗੇ ਪਿਤਾ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦਾ ਸਬਕ ਸਖਤੀ ਨਾਲ ਸਿਖਾਉਂਦੇ ਹਨ। ਉਹ ਦਸਦੇ ਹਨ ਕਿ ਜ਼ਿੰਦਗੀ ਵਿੱਚ ਸਫਲਤਾ ਦਾ ਰਾਜ ਸਿਰਫ ਤੇ ਸਿਰਫ ਸਖ਼ਤ ਮਿਹਨਤ ਹੁੰਦੀ ਹੈ। ਉਹ ਆਪਣੇ ਬੱਚਿਆਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਕਾਮਯਾਬੀ ਦੀ ਆਪਣੀ ਕੀਮਤ ਹੁੰਦੀ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਉਸ ਦਾ ਮੁੱਲ ਚੁਕਾਉਣਾ ਜ਼ਰੂਰੀ ਹੁੰਦਾ ਹੈ। ਇਹ ਕੀਮਤ ਜਾਂ ਮੁੱਲ ਸਖ਼ਤ ਮਿਹਨਤ, ਸੁੱਖ ਦੇ ਤਿਆਗ ਅਤੇ ਸਾਧਨਾਂ ਦੇ ਰੂਪ ਵਿੱਚ ਹੁੰਦੀ ਹੈ। ਜੋ ਵਿਅਕਤੀ ਕਿਸੇ ਵੱਡੇ ਮੁਕਾਮ ’ਤੇ ਪਹੁੰਚਣ ਦਾ ਇਰਾਦਾ ਰੱਖਦਾ ਹੈ, ਜੋ ਕੋਈ ਵੱਡਾ ਸੁਪਨਾ ਸਿਰਜਦਾ ਹੈ, ਕੋਈ ਉਚੀ ਮੰਜ਼ਿਲ ਤਹਿ ਕਰਦਾ ਹੈ, ਉਸ ਨੂੰ ਆਪਣਾ ਮੰਤਵ, ਟੀਚਾ, ਲਕਸ਼ ਅਤੇ ਉਦੇਸ਼ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪ੍ਰਤੀਕੂਲ ਪ੍ਰਸਿਥਤੀਆਂ ਵਿੱਚ ਵੀ ਸਹਿਜ ਨਾਲ ਵਿਚਰਨ ਦੀ ਜਾਚ ਸਿੱਖਣੀ ਪੈਂਦੀ ਹੈ। ਆਰਥਿਕ ਸਰੋਤਾਂ ਦੀ ਘਾਟ ਦੇ ਬਾਵਜੂਦ ਸਾਬਤਕਦਮੀ ਅੱਗੇ ਵੱਧਣ ਦਾ ਹੌਂਸਲਾ ਅਤੇ ਹਿੰਮਤ ਰੱਖਣੀ ਪੈਂਦੀ ਹੈ। ਅਸਫ਼ਲਤਾਵਾਂ ਨੂੰ ਖਿੜ੍ਹੇ ਮੱਥੇ ਸਵੀਕਾਰਨਾ ਪੈਂਦਾ ਹੈ। ਸਫਲਤਾ ਦੇ ਰਾਹੀਂ ਲਗਾਤਾਰ ਆਪਣੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਵਿੱਚ ਵਾਧਾ ਕਰਦੇ ਰਹਿਣਾ ਪੈਂਦਾ ਹੈ। ਅਜਿਹੇ ਲੋਕ ਹਰ ਚੁਣੌਤੀ ਨੂੰ ਮੌਕੇ ਦੇ ਰੂਪ ਵਿੱਚ ਦੇਖਣ ਦੀ ਆਦਤ ਬਣਾ ਲੈਂਦੇ ਹਨ। ਇਹ ਆਦਤ ਇੱਕੋ-ਦਿਨ ਵਿੱਚ ਬਣਨੀ ਸੰਭਵ ਨਹੀਂ ਹੁੰਦੀ। ਕਿਸੇ ਸਖਸ਼ੀਅਤ ਵਿੱਚ ਮਿਹਨਤ, ਹਿੰਮਤ, ਹੌਂਸਲੇ ਅਤੇ ਸਹਿਜਤਾ ਦੇ ਗੁਣ ਬੜੇ ਸਹਿਜੇ-ਸਹਿਜੇ ਆਉਂਦੇ ਹਨ। ਸਿਆਣੇ ਮਾਪੇ ਆਪਣੇ ਬੱਚਿਆਂ ਵਿੱਚ ਬਚਪਨ ਤੋਂ ਹੀ ਅਜਿਹੇ ਗੁਣਾਂ ਨੂੰ ਭਰਨ ਲਈ ਮਿਹਨਤ ਕਰਦੇ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਨ੍ਹ ਐਡਮਸ ਦੀ ਜੀਵਨ ਗਾਥਾ ਇਹ ਦਸਦੀ ਹੈ ਕਿ ਜੇ ਉਸ ਦੇ ਪਿਤਾ ਨੇ ਬਚਪਨ ਵਿੱਚ ਉਸ ਨੂੰ ਅਜਿਹਾ ਪਾਠ ਨਾ ਪੜ੍ਹਾਇਆ ਹੁੰਦਾ ਤਾਂ ਉਹ ਕਦੇ ਵੀ ਸਫ਼ਲ ਇਨਸਾਨ ਨਾ ਬਣਦਾ। ਜਾਨ੍ਹ ਐਡਮਸ ਦਾ ਮਨ ਪੜ੍ਹਾਈ ਵਿੱਚ ਉਕਾ ਹੀ ਨਹੀਂ ਲਗਦਾ ਸੀ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਨਾ ਤਾਂ ਸਕੂਲ ਜਾਵੇਗਾ ਅਤੇ ਨਾ ਹੀ ਲੈਟਿਨ ਪੜ੍ਹੇਗਾ। ਜਾਨ੍ਹ ਦਾ ਪਿਤਾ ਸਖ਼ਤ ਸੁਭਾਅ ਦਾ ਵੀ ਸੀ ਅਤੇ ਸਿਆਣਾ ਵੀ। ਉਸ ਨੇ ਇਕ ਸ਼ਰਤ ’ਤੇ ਜਾਨ੍ਹ ਦੀ ਪੜ੍ਹਾਈ ਤੋਂ ਛੁੱਟੀ ਕਰਵਾ ਦਿੱਤੀ ਕਿ ਉਹ ਵਿਹਲਾ ਨਹੀਂ ਬੈਠੇਗਾ ਅਤੇ ਖੇਤਾਂ ਵਿੱਚ ਕੰਮ ਕਰੇਗਾ। ਪਿਉ ਨੇ ਉਸ ਨੂੰ ਕਹੀ ਫੜਾਕੇ ਕੰਮ ’ਤੇ ਲਾ ਦਿੱਤਾ। ਜਾਨ੍ਹ ਨੂੰ ਇਹ ਕੰਮ ਪੜ੍ਹਨ ਨਾਲੋਂ ਜ਼ਿਆਦਾ ਔਖਾ ਲੱਗਿਆ। ਉਸ ਨੇ ਪਹਿਲੇ ਦਿਨ ਹੀ ਹੱਥ ਖੜ੍ਹੇ ਕਰ ਦਿੱਤੇ ਅਤੇ ਕਿਹਾ ਕਿ ਉਹ ਖੇਤਾਂ ਵਿੱਚ ਕੰਮ ਕਰਨ ਨਾਲੋਂ ਤਾਂ ਸਕੂਲ ਜਾਣਾ ਪਸੰਦ ਕਰੇਗਾ। ਇਸ ਤੋਂ ਬਾਅਦ ਜਾਨ੍ਹ ਐਡਮਸ ਨੇ ਇਨੀਂ ਮਿਹਨਤ ਕੀਤੀ ਕਿ ਅਮਰੀਕਨ ਕ੍ਰਾਂਤੀ ਦੇ ਦਿਨਾਂ ਵਿੱਚ ਲੋਕਾਂ ਨੇ ਉਸ ਨੂੰ ਆਪਣਾ ਨੇਤਾ ਸਵਿਕਾਰ ਕਰ ਲਿਆ। ਉਹੀ ਜਾਨ੍ਹ ਐਡਮਸ ਜੋ ਸਕੂਲ ਜਾਣ ਤੋਂ ਡਰਦਾ ਸੀ, ਜਾਰਜ ਵਾਸ਼ਿੰਗਟਨ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ। ਸਪੱਸ਼ਟ ਹੈ ਕਿ ਜਾਨ੍ਹ ਦੀ ਸਫਲਤਾ ਦੀ ਕਹਾਣੀ ਵਿੱਚ ਉਸ ਦੇ ਪਿਤਾ ਦੀ ਅਹਿਮ ਭੂਮਿਕਾ ਹੈ। ਪਿਤਾ ਹੀ ਹੈ ਜੋ ਬੱਚਿਆਂ ਨੂੰ ਜ਼ਿੰਦਗੀ ਵਿੱਚ ਆਈਆਂ ਔਕੜਾਂ ਦਾ ਮੁਕਾਬਲਾ ਕਰਨ ਦਾ ਹੌਂਸਲਾ ਅਤੇ ਹਿੰਮਤ ਦਿੰਦਾ ਹੈ। ਉਹ ਸਮਝਾਉਂਦਾ ਹੈ:
ਦੂਰ ਤੱਕ ਕਾਂਟੇ ਬਿਛੇ ਥੇ,
ਜ਼ਿੰਦਗੀ ਕੀ ਰਾਹ ਮੇਂ
ਢੂੰਡਨੇ ਵਾਲੋਂ ਨੇ ਦੇਖੋ,
ਫਿਰ ਭੀ ਕਲੀਆਂ ਢੂੰਡ ਲੀਂ।
ਸਿਆਣੇ ਮਾਪੇ ਬੱਚਿਆਂ ਨੂੰ ਪ੍ਰਤੀਕੂਲ ਪ੍ਰਸਿਥਤੀਆਂ ਵਿੱਚ ਵੀ ਆਪਣੇ ਅਕੀਦੇ ’ਤੇ, ਆਪਣੇ ਵਿਸ਼ਾਵਸ ’ਤੇ ਅਤੇ ਆਪਣੇ ਇਰਾਦੇ ’ਤੇ ਕਾਇਮ ਰਹਿਣ ਦੀ ਸਿੱਖਿਆ ਦਿੰਦੇ ਹਨ :
ਕੁਛ ਲੋਕ ਥੇ,
ਕਿ ਵਕਤ ਕੇ ਸਾਂਚੇ ਮੇਂ ਢੱਲ ਗਏ
ਕੁਛ ਲੋਕ ਥੇ,
ਕਿ ਵਕਤ ਕੇ ਸਾਂਚੇ ਬਦਲ ਗਏ।