ਬੱਜਟ ਸੈਸ਼ਨ 6 ਅਪ੍ਰੈਲ ਤੱਕ ਚੱਲਣ ਦੀ ਸੰਭਾਵਨਾ
ਨਵੀਂ ਦਿੱਲੀ, 5 ਜਨਵਰੀ- ਸੰਸਦ ਦਾ ਬੱਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵਿੱਤੀ ਸਾਲ 2018-19 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਕਰਨਗੇ। ਸ਼ੁੱਕਰਵਾਰ ਨੂੰ ਇਸ ਸਬੰਧੀ ਪਾਰਲੀਮਾਨੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 29 ਜਨਵਰੀ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਅਤੇ ਉਸੇ ਦਿਨ ਆਰਥਿਕ ਸਰਵੇ ਸੰਸਦ ਦੀ ਟੇਬਲ ’ਤੇ ਰੱਖਿਆ ਜਾਵੇਗਾ। ਪਾਰਲੀਮਾਨੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਸੈਸ਼ਨ ਦਾ ਪਹਿਲਾ ਪੜਾਅ 29 ਜਨਵਰੀ ਤੋਂ 9 ਫਰਵਰੀ ਤੱਕ ਹੋਵੇਗਾ। ਫਿਰ ਬਰੇਕ ਤੋਂ ਬਾਅਦ ਸੰਸਦ ਮੁੜ 5 ਮਾਰਚ ਨੂੰ ਜੁੜੇਗੀ ਅਤੇ ਸੈਸ਼ਨ 6 ਅਪ੍ਰੈਲ ਤੱਕ ਚੱਲਣ ਦੀ ਸੰਭਾਵਨਾ ਹੈ। ਸੰਸਦ ਦਾ ਸਰਦ ਰੁਤ ਸਮਾਗਮ ਅੱਜ ਸਮਾਪਤ ਹੋ ਗਿਆ। ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੱਜਟ ਨੂੰ ਫਰਵਰੀ ਦੇ ਅਖੀਰ ’ਚ ਪੇਸ਼ ਕੀਤੇ ਜਾਣ ਦੀ ਬ੍ਰਿਟਿਸ਼ ਪਰੰਪਰਾ ਨੂੰ ਖਤਮ ਕਰ ਕੇ ਪਹਿਲੀ ਵਾਰ ਆਮ ਬਜਟ ਇਕ ਫਰਵਰੀ ਨੂੰ ਪੇਸ਼ ਕਰਨ ਦੀ ਪਿਰਤ ਸ਼ੁਰੂ ਕੀਤੀ ਹੈ। ਇਸ ਦਾ ਤਰਕ ਇਹ ਹੈ ਕਿ ਇਕ ਅਪ੍ਰੈਲ ਤੋਂ ਨਵੇਂ ਮਾਲੀ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਬਜਟ ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲ ਜਾਵੇ ਤਾਂ ਕਿ ਸਮੇਂ ’ਤੇ ਪੈਸੇ ਦੀ ਉਪਲਧਤਾ ਯਕੀਨੀ ਬਣਾਈ ਜਾ ਸਕੇ।ਇਸ ਬਦਲਾਅ ਦੇ ਨਾਲ ਹੀ ਰੇਲ ਬਜਟ ਨੂੰ ਵੱਖਰੇ ਤੌਰ ’ਤੇ ਪੇਸ਼ ਕਰਨ ਦੀ ਪਿਰਤ ਵੀ ਖਤਮ ਕਰ ਦਿੱਤੀ ਗਈ ਅਤੇ ਹੁਣ ਰੇਲਵੇ ਦਾ ਬਜਟ ਆਮ ਬਜਟ ਨਾਲ ਹੀ ਮਿਲਾ ਦਿਤਾ ਗਿਆ ਸੀ।