ਪੰਜਾਬ ਪੁਲਿਸ ਨੂੰ ਘਿਨਾਉਣੇ ਜ਼ੁਰਮਾਂ ਨੂੰ ਠੱਲਣ ’ਚ ਮਿਲੀ ਵੱਡੀ ਸਫ਼ਲਤਾ : ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ
ਚੰਡੀਗੜ੍ਹ, 4 ਜਨਵਰੀ- ਸਾਲ 2017 ਦੌਰਾਨ ਪੰਜਾਬ ‘ਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀ ਤਰਾਂ ਕਾਬੂ ਵਿੱਚ ਰੱਖਣ ਅਤੇ 8 ਅੱਤਵਾਦੀ ਗਰੁੱਪਾਂ ਨੂੰ ਕਾਬੂ ਕਰਕੇ ਉਨਾਂ ਵੱਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਸੀ। ਇਸੇ ਅਰਸੇ ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਸਮਗਲਰਾਂ ਨੂੰ ਕਾਬੂ ਕਰਨ ਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਵਿੱਚ ਵੀ ਪੂਰੀ ਕਾਮਯਾਬ ਰਹੀ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਵੱਲੋਂ ਅੱਜ ਇੱਥੇ ਬੁਲਾਈ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਦਾ ਵੇਰਵਾ ਜਾਰੀ ਕੀਤਾ ਗਿਆ। ਡੀਜੀਪੀ ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅਪਰਾਧ ਅਤੇ ਅਪਰਾਧਿਕ ਟਰੈਕਿੰਗ ਪ੍ਰਣਾਲੀ (ਸੀ.ਸੀ.ਟੀ.ਐਨ.ਐਸ) ਨੂੰ 24 ਕੋਰ ਐਪਲੀਕੇਸ਼ਨ ਸਾਫਟਵੇਅਰ ਮਾਡਿਊਲ ਨਾਲ ਜੋੜ ਦਿੱਤਾ ਹੈ ਜਿਸ ਵਿਚ ਸਾਂਝ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 8 ਨਾਗਰਿਕ ਸੇਵਾਵਾਂ ਪ੍ਰਦਾਨ ਕਰਨ, ਪੁਲਿਸ ਸਟੇਸ਼ਨਾਂ ਲਈ ਹਾਰਡਵੇਅਰ ਮੁਹੱਹੀਆ ਕਰਨ, ਆਨਲਾਈਨ ਐਫ.ਆਈ.ਆਰ. ਦਰਜ਼ ਕਰਵਾਉਣਾ, ਜਨਰਲ ਡਾਇਰੀ ਸਮੇਤ ਪਿਛਲੇ 10 ਸਾਲਾਂ ਦੌਰਾਨ ਹਰ ਥਾਣੇ ਵਿੱਚ ਦਰਜ ਕੀਤੀਆਂ ਐਫ.ਆਈ.ਆਰਜ਼ ਦੀ ਡਿਜੀਟਲਾਈਜ਼ੇਸ਼ਨ ਕਰਨਾ ਆਦਿ ਸ਼ਾਮਲ ਹਨ। ਮੌਜੂਦਾ ਸਾਲ 2018 ਵਿਚ ਅੱਤਵਾਦ ’ਤੇ ਠੱਲ੍ਹ ਪਾਉਣ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੂੰ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰ ਫੋਰਸਾਂ ਦੇ ਬਰਾਬਰ ਸਿੱਖਿਅਤ ਕਰਕੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਲੂ ਸਾਲ ਅੰਦਰ ਰਾਜ ਵਿਚ ਕੇਂਦਰੀ ਸੰਕਟਕਾਲੀਨ ਨੰਬਰ 112 ਦੀ ਤਰਜ਼ ’ਤੇ ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸਿਸਟਮ (ਐਨ.ਈ.ਆਰ.ਐਸ.) ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਕਾਲਾਂ ਦੇ ਕੇਂਦਰੀਕਰਨ ਲਈ ਮੋਹਾਲੀ ਵਿਚ ਇਕ ਪਬਲਿਕ ਸੇਫਟੀ ਆਨਸਰਿੰਗ ਪੁਆਇੰਟ (ਪੀ.ਐਸ.ਏ.ਪੀ) ਅਪ੍ਰੈਲ ਮਹੀਨੇ ਸਥਾਪਤ ਕੀਤਾ ਜਾਵੇਗਾ ਜਿਸ ਅਧੀਨ 60 ਕਾਲ ਵਰਕ ਸਟੇਸ਼ਨ ਅਤੇ 12 ਪੁਲਿਸ ਕੰਟਰੋਲ ਰੂਮ ਦੇ ਨਾਲ 900 ਐਮਰਜੈਂਸੀ ਗੱਡੀਆਂ ਹੋਣਗੀਆਂ ਜਿਨਾਂ ਨੂੰ ਤੁਰੰਤ ਸੰਦੇਸ਼ ਪਹੁੰਚ ਸਕੇਗਾ। ਸੋਸ਼ਲ ਮੀਡੀਆ ’ਤੇ ਗਰਮਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਦੇ ਮੱਦੇਨਜਰ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿੱਚ ਆਪਣੀ ਪ੍ਰਤੀਕ੍ਰਿਰਿਆ ਰੱਖਿਆ ਕਰੇਗੀ ਜਿਸ ਲਈ ਪੁਲਿਸ ਵੱਲੋਂ ਆਪਣਾ ਖੁਦ ਦਾ ਫੇਸਬੁੱਕ ਪੇਜ਼, ਟਵਿੱਟਰ ਅਤੇ ਯੂਟਿਊਬ ਦਾ ਖਾਤਾ ਖੋਲ੍ਹਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ ’ਤੇ ਜਵਾਬੀ ਗੱਲਬਾਤ, ਸਮੇਂ ਸਿਰ ਜਵਾਬ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇ ਅਤੇ ਪੁਲਿਸ ਦੁਆਰਾ ਕੀਤੇ ਗਏ ਹਾਂ-ਪੱਖੀ ਕੰਮਾਂ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਹ ਖਾਤੇ ਜਨਵਰੀ 2018 ਵਿਚ ਚਾਲੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲਗਭਗ 4,000 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਰ ਸਾਲ ਸੇਵਾਮੁਕਤ ਹੋਣ ਵਾਲੇ ਤੇ ਲੋੜ ਵਾਲੀਆਂ ਖਾਲੀ ਅਸਾਮੀਆਂ ਨੂੰ ਭਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ ‘ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਰੱਖੇਗੀ ਅਤੇ ਪੰਜਾਬ ਪੁਲਿਸ ਵੱਲੋਂ ਖੇਤਰੀ ਵੂਮੈਨ ਕਾਨਫਰੰਸਾਂ ਕਰਨ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ 8 ਮਾਰਚ ਨੂੰ ਇਕ ਰਾਜ ਪੱਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਔਰਤਾਂ ਨਾਲ, ਖਾਸ ਤੌਰ ‘ਤੇ ਅਪਰਾਧ ਪੀੜਤਾਂ ਨਾਲ ਗੱਲਬਾਤ ਕਰਨ ਦੀ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨਸੀ ਹਮਲੇ/ਪ੍ਰੇਸ਼ਾਨ ਕਰਨਾ, ਘਰੇਲੂ ਹਿੰਸਾ, ਛੇੜਛਾੜ ਦੇ ਮਾਮਲੇ ਅਤੇ ਅਸ਼ਲੀਲ ਕਾਲਾਂ/ਸੰਦੇਸ਼ ਭੇਜਣ ਸਬੰਧੀ ਸ਼ਿਕਾਇਤਾਂ ‘ਤੇ ਪ੍ਰਭਾਵਸ਼ਾਲੀ ਅਤੇ ਤੁਰੰਤ ਜਵਾਬ ਦਿੱਤੇ ਜਾਣਗੇ।