ਮਹਾਂਰਾਸ਼ਟਰ ’ਚ ਭੜਕੀ ਜਾਤੀ ਹਿੰਸਾ ਨੇ ਹਿੰਦੋਸਤਾਨ ਦੀ ਸਿਆਸਤ ਵਿੱਚ ਦਲਿਤ ਸਮਾਜ ਦੀਆਂ ਇਛਾਵਾਂ ਅਤੇ ਆਸਾਂ ਨੂੰ ਉਜਾਗਰ ਕਰ ਦਿੱਤਾ ਹੈ। ਪੂਨੇ ਲਾਗੇ ਭੀਮਾ ਦਰਿਆ ਦੇ ਕਿਨਾਰੇ ਕੋਰੇਗਾਉਂ ਭੀਮਾ ਵਿਖੇ 1 ਜਨਵਰੀ 2018 ਨੂੰ ਪੇਸ਼ਵਾ ਬਾਜੀਰਾਓ ਅਤੇ ਬ੍ਰਿਟਿਸ਼ ਫੌਜ ਦਰਮਿਆਨ ਹੋਏ ਯੁੱਧ ਦੀ 200ਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ। 200 ਸਾਲ ਪਹਿਲਾਂ। ਜਨਵਰੀ 1818 ਨੂੰ ਅੰਗਰੇਜ਼ ਫੌਜ ਨੇ ਪੇਸ਼ਵਾਵਾਂ ਨੂੰ ਹਰਾਇਆ ਸੀ। ਭਾਵੇਂ ਇਹ ਅੰਗਰੇਜ਼ਾਂ ਦੀ ਜਿੱਤ ਸੀ ਪਰ ਉਸ ਲੜਾਈ ਵਿੱਚ ਅੰਗਰੇਜ਼ਾਂ ਵੱਲੋਂ ਮਹਾਂਰਾਸ਼ਟਰ ਦੇ ਮਹਾਰ (ਦਲਿਤ) ਸਮਾਜ 100 ਫੌਜੀਆਂ ਨੇ ਹਿੱਸਾ ਲਿਆ ਸੀ ਅਤੇ ਮਹਾਰ ਸਮਾਜ ਦੇ ਫੌਜੀ ਬਹੁਤ ਬਹਾਦਰੀ ਨਾਲ ਲੜੇ ਸਨ। ਇਸ ਕਾਰਨ ਮਹਾਰ ਸਮਾਜ ਦੇ ਲੋਕ ਇਸ ਘਟਨਾ ਨੂੰ ਦਲਿਤ ਇਤਿਹਾਸ ਵਿੱਚ ਬਹੁਤ ਮਾਣ ਨਾਲ ਯਾਦ ਕਰਦੇ ਹਨ ਅਤੇ ਵੱਡੀ ਗਿਣਤੀ ਦਲਿਤ ਹਰ ਵਰ੍ਹੇ ਉਥੇ ਆਪਣੇ ਬਹਾਦਰਾਂ ਨੂੰ ਸ਼ਰਧਾਂਜਲੀ ਦੇਣ ਜਾਂਦੇ ਹਨ। ਇਸ ਸਾਲ ਇਸ ਜੰਗ ਦੇ 200 ਸਾਲ ਪੂਰੇ ਹੋਏ ਸਨ। ਇਥੇ ਬਣੀ ਯਾਦਗਾਰ ’ਤੇ ਭੀਮਾ ਕੋਰੇਗਾਓ ਸ਼ੋਰਿਆ ਦਿਵਸ ਪ੍ਰ੍ਰੇਰਣਾ ਮੁਹਿੰਮ ਚਲਾਈ ਗਈ ਸੀ। ਇਸ ਵਾਰ ਇਸ ਯਾਦਗਾਰ ਉਤੇ 3 ਲੱਖ ਦੇ ਕਰੀਬ ਦਲਿਤ ਸਮਾਜ ਦੇ ਲੋਕ ਇਕੱਤਰ ਹੋਏ ਸਨ ਜੋ ਸਰਕਾਰ ਦੇ ਅਨੁਮਾਨ ਤੋਂ ਕਿੱਤੇ ਜ਼ਿਆਦਾ ਸਨ। ਜਿਥੇ 1 ਜਨਵਰੀ 2018 ਨੂੰ ਕੋਰੇਗਾਉਂ ਭੀਮਾਂ ਵਿਖੇ ਲੱਖਾਂ ਲੋਕ ਇਕੱਠੇ ਹੋਏ ਉਥੇ 31 ਦਸੰਬਰ 2017 ਨੂੰ ਪੂਣੇ ’ਚ ‘ਸ਼ਨੀਵਾਰਵਾਜਾ ਯਲਗਰ ਪ੍ਰੀਸ਼ਦ’ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਗੁਜਰਾਤ ਦੇ ਦਲਿਤ ਆਗੂ ਜਿਗਨੇਸ਼ ਮਿਵਾਣੀ, ਰੋਹਿਲ ਵੇਮੁਲਾ ਦੀ ਮਾਂ ਰਾਧਿਕਾ ਵੇਮੁਲਾ, ਜੇ ਐਨ ਯੂ ਦੇ ਵਿਦਿਆਰਥੀ ਆਗੂ ਕਨਈਆ ਦਾ ਸਾਥੀ ਖਾਲਿਦ ਵੀ ਸ਼ਾਮਿਲ ਹੋਏ। ਇਸ ਪ੍ਰੀਸ਼ਦ ਵਿੱਚ ਮਿਵਾਨੀ ਨੇ ਭਾਜਪਾ ਅਤੇ ਆਰ.ਐਸ.ਐਸ. ਨੂੰ ਨਵਾਂ ਪੇਸ਼ਵਾ ਕਰਾਰ ਦਿੰਦਿਆਂ ਇਨ੍ਹਾਂ ਵਿਰੁੱਧ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦਾ ਸੱਦਾ ਦਿੱਤਾ।
ਅਸਲ ਵਿੱਚ ਕੋਰੇਗਾਉਂ ਭੀਮਾ ਦੀ ਲੜਾਈ ਅੰਗਰੇਜ਼ਾਂ ਅਤੇ ਪੇਸ਼ਵਾਂ ਫੌਜਾਂ ਦੀ ਲੜਾਈ ਤਾਂ ਸੀ ਪਰ ਮਹਾਰ (ਦਲਿਤ) ਉਸ ਨੂੰ ਆਪਣੇ ਆਤਮ-ਸਨਮਾਨ ਦੀ ਲੜਾਈ ਮੰਨਦੇ ਹਨ। ਇਤਿਹਾਸ ਦਸਦਾ ਹੈ ਕਿ ਇਸ ਦੇ ਪਿੱਛੇ ਵੱਡੇ ਸਮਾਜਿਕ ਕਾਰਨ ਹਨ। ਹਿੰਦੂਸਤਾਨ ਦੇ ਸਮਾਜ ਵਿੱਚ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਅਛੂਤ ਸਮਝਕੇ ਨਫਰਤ ਕੀਤੀ ਜਾਂਦੀ ਰਹੀ ਹੈ। ਪੇਸ਼ਵਾ ਸ਼ਾਸਕਾਂ ਨੇ ਮਹਾਂਰਾਸ਼ਟਰ ਦੇ ਮਹਾਰਾਂ ਨਾਲ ਵੀ ਬਹੁਤ ਭੈੜਾ ਸਲੂਕ ਕੀਤਾ ਸੀ। ਕਿਸੇ ਵੀ ਨਗਰ ਵਿੱਚ ਦਾਖਲ ਹੋਣ ਵੇਲੇ ਮਹਾਰਾਂ ਨੂੰ ਆਪਣੇ ਲੱਕ ਨਾਲ ਝਾੜੂ ਬੰਨ੍ਹਕੇ ਤੁਰਨਾ ਜ਼ਰੂਰੀ ਹੁੰਦਾ ਸੀ ਤਾਂ ਜੋ ‘ਦੂਸ਼ਿਤ ਅਤੇ ਅਪਵਿੱਤਰ’ ਪੈਰਾਂ ਦੇ ਨਿਸ਼ਾਨ ਇਸ ਝਾੜੂ ਨਾਲ ਮਿਟ ਜਾਣ। ਦਲਿਤਾਂ ਨੂੰ ਜ਼ਲੀਲ ਕਰਨ ਲਈ ਹੁਕਮ ਸੀ ਕਿ ਉਹ ਆਪਣੇ ਗਲ ਵਿੱਚ ਇਕ ਭਾਂਡਾ ਲਟਕਾਕੇ ਚਲਣ। ਇਸ ਪਿੱਛੇ ਤਰਕ ਸੀ ਕਿ ਇਹ ਭਾਂਡਾ ਉਨ੍ਹਾਂ ਦੇ ਥੁੱਕਣ ਲਈ ਹੁੰਦਾ ਸੀ ਤਾਂ ਜੋ ਉਨ੍ਹਾਂ ਦੇ ਥੁੱਕਣ ਨਾਲ ਕੋਈ ਉਚ ਜਾਤੀ ਦਾ ਵਿਅਕਤੀ ‘ਦੂਸ਼ਿਤ ਤੇ ਅਪਵਿੱਤਰ’ ਨਾ ਹੋ ਜਾਵੇ। ਦਲਿਤਾਂ ਨੂੰ ਉਚ ਜਾਤੀਆਂ ਦੇ ਖੂਹਾਂ ਅਤੇ ਤਲਾਬਾਂ ਤੋਂ ਦੂਰ ਰਹਿਣ ਦੇ ਹੁਕਮ ਸਨ। ਇਤਿਹਾਸਕਾਰ ਰਿਸ਼ੀਕੇਸ਼ ਕਾਂਬਲੇ ਕੋਰੇਗਾਉਂ ਭੀਮਾ ਬਾਰੇ ਇਕ ਹੋਰ ਪੱਖ ਤੋਂ ਵੀ ਲਿਖਦੇ ਹਨ। ਰਿਸ਼ੀਕੇਸ਼ ਦਾ ਕਹਿਣਾ ਹੈ ਕਿ ਮਹਾਰਾਂ ਨੇ ਅਸਲ ਵਿੱਚ ਬ੍ਰਾਹਮਣਾ ਨੂੰ ਹਰਾਇਆ ਸੀ ਮਰਾਠਿਆਂ ਨੂੰ ਨਹੀਂ। ਦਲਿਤ ਬ੍ਰਾਹਮਣਾਂ ਦੀ ਛੂਆਛੂਤ ਦੀ ਬਿਰਤੀ ਕਾਰਨ ਨਰਾਜ਼ ਸਨ। ਜਦੋਂ ਮਹਾਰਾਂ ਨੇ ਬ੍ਰਾਹਮਣਾਂ ਨੂੰ ਇਸ ਨੂੰ ਖ਼ਤਮ ਕਰਨ ਲਈ ਕਿਹਾ ਤਾਂ ਉਹ ਨਹੀਂ ਮੰਨੇ ਅਤੇ ਮਹਾਰ ਬ੍ਰਿਟਿਸ਼ ਫੌਜ ਵਿੱਚ ਸ਼ਾਮਲ ਹੋ ਗਏ। ਬ੍ਰਿਟਸ਼ ਫੌਜੀਆਂ ਨੇ ਮਾਹਾਰਾਂ ਨੂੰ ਫੌਜੀ ਟ੍ਰੇਨਿੰਗ ਦੇ ਕੇ ਪੇਸ਼ਵਾ ਖਿਲਾਫ਼ ਲੜਨ ਲਈ ਪ੍ਰੇਰਿਆ। ਅੰਗਰੇਜ਼ ਪੇਸ਼ਵਾ ਤਾਕਤ ਖ਼ਤਮ ਕਰਨਾ ਚਾਹੁੰਦੇ ਸਨ ਸੋ ਦੋਵਾਂ ਦੇ ਆਪਣੇ-ਆਪਣੇ ਤਰਕ ਸਨ। ਪਰ ਇਕ ਗੱਲ ਸਪੱਸ਼ਟ ਹੈ ਕਿ ਮਹਾਰ ਅੰਗਰੇਜ਼ਾਂ ਦੇ ਝੰਡੇ ਥੱਲੇ ਆਪਣੇ ਆਤਮ ਸਨਮਾਨ ਦੀ ਲੜਾਈ ਲੜੇ ਸਨ। ਇਸ ਕਾਰਨ ਹੀ ਲੰਘੀ 1 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਦਲਿਤ ਉਥੇ ਪਹੁੰਚੇ ਸਨ।
1 ਜਨਵਰੀ 2018 ਦੀ ਹੋਈ ਹਿੰਸਾ ਵਿੱਚ ਇਕ 28 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ 25 ਤੋਂ ਜ਼ਿਆਦਾ ਮੋਟਰ ਗੱਡੀਆਂ ਨੂੰ ਅੱਗ ਲਾ ਦਿੱਤੀ। 2 ਜਨਵਰੀ ਨੂੰ ਇਸ ਘਟਨਾ ਦੀ ਪ੍ਰਤੀਕ੍ਰਿਆ ਮਹਾਂਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਸਾਹਮਣੇ ਆਈ। ਮੁੰਬਈ ਦੇ ਦਲਿਤ ਬਹੁਤਾਤ ਵਾਲੇ ਖੇਤਰਾਂ ਚੇਂਬੂਰ, ਘਾਟਕੋਪਰ, ਪਵਈ ਤੇ ਵਰਲੀ ਆਦਿ ’ਚ ਦਲਿਤ ਵਰਕਰਾਂ ਨੇ ਸਵੇਰ ਤੋਂ ਹੀ ਸੜਕਾਂ ’ਤੇ ਜਾਮ ਲਾ ਦਿੱਤੇ ਸਨ। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਭਾਵੇਂ ਇਸ ਹਿੰਸਾ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਜਾਣਗੇ ਪਰ ਇਹ ਵਿਰੋਧ ਪ੍ਰਦਰਸ਼ਨ ਦੇਸ਼ ਵਿਚਲੇ ਦਲਿਤ ਭਾਈਚਾਰੇ ਦੀ ਮਾਨਸਿਕਤਾ ਨੂੰ ਉਜਾਗਰ ਕਰ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਸਾਡੀ ਰਾਜਨੀਤੀ ਜਾਤੀ ਅਧਾਰਿਤ ਰਾਜਨੀਤੀ ਹੀ ਹੈ। ਹਰ ਸਿਆਸੀ ਪਾਰਟੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜਾਤ ਅਧਾਰਿਤ ਸਿਆਸੀ ਖੇਡ ਖੇਲ੍ਹਣ ਲਈ ਜਾਂ ਤਾਂ ਮਜ਼ਬੂਰ ਹੈ ਅਤੇ ਜਾਂ ਇਸ ਨੂੰ ਸੱਤਾ ਹਾਸਲ ਕਰਨ ਦਾ ਆਸਾਨ ਜ਼ਰੀਆ ਸਮਝਦੀ ਹੈ। ਕੁੱਝ ਵੀ ਹੋਵੇ ਦੇਸ਼ ਨੂੰ ਸਮਾਜਿਕ ਤੌਰ ’ਤੇ ਇਕ ਰੱਖਣ ਦਾ ਫਰਜ਼ ਸੱਤਾਧਾਰੀ ਧਿਰ ਦਾ ਹੁੰਦਾ ਹੈ। ਹਿੰਦੁਸਤਾਨ ਦੀ ਸੱਤਾਧਾਰੀ ਧਿਰ ਨੂੰ ਇਸ ਪੱਖ ਤੋਂ ਗੰਭੀਰ ਹੋਣ ਦੀ ਲੋੜ ਹੈ।