ਫਰੈਂਕਫਰਟ (ਜਰਮਨੀ), 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਤੋਂ ਆਏ ਉੱਘੇ ਸਿੱਖ ਚਿੰਤਕ ਡਾ. ਸੁਖਪ੍ਰੀਤ ਸਿੰਘ ਉਦੋਕੇ ਆਪਣੇ ਯੂਰਪ ਦੌਰੇ ਦੌਰਾਨ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ’ਤੇ ਸਨਿੱਚਰਵਾਰ ਨੂੰ ਜਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਹਾਈਮ (ਜਰਮਨੀ) ਪਹੁੰਚੇ ਤਾਂ ਸੰਗਤਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਸ਼ੇਸ਼ ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਗੁਰਮਤਿ ਜਮਾਤ ਦੇ ਬੱਚਿਆਂ ਨੇ ਸ਼ਬਦ ਕੀਰਤਨ ਨਾਲ ਆਰੰਭਤਾ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਚੀਮਾ ਨੇ ਡਾ. ਉਦੋਕੇ ਨੂੰ ਜੀ ਆਇਆਂ ਆਖਦਿਆਂ ਮੀਰੀ ਤੇ ਪੀਰੀ ਦੇ ਸਿਧਾਂਤ ’ਤੇ ਮੌਜੂਦਾ ਸਿੱਖ ਰਾਜਨੀਤੀ ਦੇ ਵਿਸ਼ੇ ਬਾਰੇ ਰੌਸ਼ਨੀ ਪਾਉਣ ਦੀ ਬੇਨਤੀ ਕੀਤੀ। ਇਸ ਮੌਕੇ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਮਾਨਹਾਈਮ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਨੇ ਨਵੰਬਰ ’ਚ ਦੋ ਗੁਰਦੁਆਰਿਆਂ ਦੀ ਥਾਂ
ਇੱਕ ਗੁਰਦੁਆਰਾ ਸਾਹਿਬ ’ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਆਨੰਦ ਮਾਨਣ ਫੈਸਲਾ ਲਿਆ ਸੀ। ਇਹ ਫੈਸਲਾ ਦੂਰ ਅੰਦੇਸ਼ ਤੇ ਪ੍ਰੇਰਣਾਦਾਇਕ ਹੈ। ਆਪਣੇ ਦੋ ਘੰਟੇ ਦੇ ਲੰਮੇ ਆਲਮਾਨਾ ਸੰਬੋਧਨ ’ਚ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਮੀਰੀ ਤੇ ਪੀਰੀ ਦੇ ਸੁਮੇਲ ਬਾਰੇ, ਦਸ ਗੁਰੂ ਸਾਹਿਬਾਨ ਦੇ ਜੀਵਨ ਕਾਲ ਤੇ ਸਿੱਖ ਇਤਿਹਾਸ, ਮੁਗਲਾਂ, ਪਠਾਣਾਂ, ਲੋਧੀਆਂ ਦੇ ਰਾਜ ਕਾਲ ਤੋਂ ਲੈ ਕੇ ਭਾਰਤ ਦੀ ਅਜੋਕੀ ਚਾਣਕੀਆ ਰਾਜਸੀ ਨੀਤੀ ਬਾਰੇ ਖੋਜ ਭਰਪੂਰ ਇਤਿਹਾਸਕ ਤੇ ਹਿੰਦੂ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ, ਵਡਮੁੱਲੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਸਿੱਖ ਧਰਮ ਤੇ ਰਾਜਨੀਤੀ ਦਾ ਸੁਮੇਲ ਵੱਖ ਨਹੀਂ ਕੀਤਾ ਜਾ ਸਕਦਾ। ਜਦ ਰਾਜਨੀਤੀ ਧਰਮ ਉਤੇ ਭਾਰੂ ਹੋਵੇਗੀ ਤਾਂ ਉਹ ਨੁਕਸਾਨਦੇਹ ਹੋਵੇਗੀ। ਸਿੱਖ ਕੌਮ ਨੂੰ ਆਪਣੀ ਰਾਜਸੀ ਨੀਤੀ ਬਾਰੇ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਰਿਆ ’ਚ ਡੋਬਣਾ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਮਿਲਣੀਆਂ, ਪੰਜਾਬ ਦੇ ਹੱਕਾ ਨੂੰ ਖੋਹਣਾ, ਮਾਂ ਬੋਲੀ ਪੰਜਾਬੀ ਤੋਂ ਦੂਰ ਕਰਨਾ ਇਹ ਚਾਣਕੀਆ ਨੀਤੀ ਦੀਆਂ ਕੜੀਆਂ ਹਨ। ਅਫਸੋਸ ਅਸੀਂ ਆਪਣਾ ਫਰਜ਼ ਨਹੀਂ ਪਛਾਣ ਰਹੇ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਵੱਲੋਂ ਸਿੱਖ ਧਰਮ, ਗੁਰਮਤਿ ਮਰਿਆਦਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਸੰਗਤਾਂ ਵੱਲੋਂ ਡਾ. ਉਦੋਕੇ ਨੂੰ ਸਿਰਪਾਓ ਬਖਸ਼ਿਸ਼ ਕੀਤਾ ਗਿਆ। ਸਿੱਖ ਚੈਨਲ ਟੀ.ਵੀ. ਬਰਤਾਨੀਆ ਦੇ ਪਰਮਜੀਤ ਸਿੰਘ ਰਾਣਾ ਨੇ ਸਮਾਗਮ ਦੇ ਪ੍ਰਸਾਰਣ ਲਈ ਜਿੰਮੇਵਾਰੀ ਨਿਭਾਈ।