ਬੋਹਾ, 3 ਜਨਵਰੀ (ਸੰਤੋਖ ਸਾਗਰ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇੱਕ ਅਹਿਮ ਮੀਟਿੰਗ ਜਸਕਰਨ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਬੋਹਾ ਦੀ ਅਨਾਜ ਮੰਡੀ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਕਿਸਾਨੀ ਦੇ ਕਰਜਿਆਂ ਨੂੰ ਮਾਫ ਕਰਨ ਦੇ ਸਬੰਧ ਵਿੱਚ ਜਸਕਰਨ ਸਿੰਘ ਚਹਿਲ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਕਰਜਾ ਮਾਫੀ ਨੂੰ ਲੈਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਉਡਤ ਸੈਦੇਵਾਲਾ ਦੇ 93 ਕਿਸਾਨਾਂ ਦੇ ਕਰਜੇ ਮਾਫ ਦੀ ਸੂਚੀ ਕੋਅਪਰੇਟਿਵ ਸੁਸੈਇਟੀਆਂ ਰਾਹੀ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ ਜਿੰਨਾਂ ਵਿੱਚੋਂ 46 ਕਿਸਾਨਾਂ ਦੇ ਕਰਜੇ ਮਾਫ ਕੀਤੇ ਗਏ ਅਤੇ ਗੰਡੂ ਕਲਾਂ 350 ਕਿਸਾਨਾਂ ਦੀ ਮਾਫੀ ਵਿੱਚੋਂ 69 ਕਿਸਾਨਾਂ ਦੇ ਕਰਜੇ ਮਾਫ, ਰਿਉਂਦ ਕਲਾਂ 60 ਵਿੱਚੋਂ 15 ਦੇ ਮਾਫ, ਸ਼ੇਰਖਾਂਵਾਲਾ ਦੇ 52 ਕਿਸਾਨਾਂ ਵਿੱਚੋਂ 32 ਦਾ ਕਰਜਾ ਮਾਫ ਕੀਤਾ ਗਿਆ। ਤਿੰਨ ਪਿੰਡਾਂ ਦੀ ਸੁਸੈਇਟੀ ਟੋਡਰਪੁਰ ਦੇ 29 ਕਿਸਾਨਾਂ ਵਿੱਚੋਂ 15 ਦੇ ਕਰਜੇ ਮਾਫੀ ਦੀ ਸੂਚੀ ਜਾਰੀ ਕੀਤੀ ਗਈ ਹੈ।ਇਸ ਮੌਕੇ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਢਾਈ ਏਕੜ ਜਮੀਨ ਮਾਲਕ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਬਜਾਏ ਬਹੁਤ ਥੋੜੇ ਕਿਸਾਨਾਂ ਦਾ ਕਰਜਾ ਮਾਫ ਕਰਕੇ ਪੰਜਾਬ ਦੀ ਸਮੁੱਚੀ ਕਿਸਾਨੀ ਨਾਲ ਭੱਦਾ ਮਜਾਕ ਕੀਤਾ ਹੈ।ਉਹਨਾਂ ਕਿਹਾ ਕਿ ਅੱਜ ਮਾਨਸਾ ਜਿਲੇ ਦੇ ਏ.ਡੀ.ਸੀ ਜਰਨਲ ਮਾਨਸਾ ਵਰਿੰਦਰਪਾਲ ਸਿੰਘ ਸਹੋਤਾ ਨੂੰ ਸਾਡੀ ਜਥੇਬੰਦੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਰਜਾ ਮਾਫੀ ਦੀ ਲਿਸਟ ਨੂੰ ਮੁੜ ਤੋਂ ਵਿਚਾਰਨ ਲਈ ਸਰਕਾਰ ਨੂੰ ਬੇਨਤੀ ਕੀਤੀ। ਉਹਨਾਂ ਕਿਹਾ ਕਿ 7 ਜਨਵਰੀ ਨੂੰ ਕਰਜਾ ਮਾਫ ਕਰਨ ਲਈ ਪੰਜਾਬ ਦੇ ਕਿਸਾਨਾਂ ਉਪਰ ਇੱਕ ਸ਼ਰਤ ਢਾਈ ਕਿੱਲੇ ਮਾਲਕੀ ਦੀ ਲਾਗੂ ਕਰਕੇ ਸਰਕਾਰ ਅਪਣੇ ਵਾਅਦੇ ਤੋਂ ਭੱਜ ਗਈ ਹੈ।ਉਹਨਾਂ ਕਿਹਾ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਵੀਡਿਓ ਕਲਿੱਪ ਪੰਜਾਬ ਦੇ ਘਰ ਘਰ ਤੱਕ ਪਹੁੰਚੀ ਹੋਈ ਹੈ ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜਾ ਬੈਂਕਾਂ ਦਾ ਕਰਜਾ,ਸੁਸੈਇਟੀਆਂ ਦਾ ਕਰਜਾ ਅਤੇ ਆੜਤੀਆਂ ਦਾ ਕਰਜਾ ਮਾਫ ਕਰਨ ਲਈ ਚੋਣਾਂ ਵੇਲੇ ਬਿਆਨ ਦਿੱਤਾ ਸੀ ਪਰ ਅੱਜ ਕੈਪਟਨ ਦੀ ਸਰਕਾਰ ਬਣੀ ਨੂੰ ਲੱਗਭੱਗ ਇੱਕ ਸਾਲ ਹੋਣ ਵਾਲਾ ਹੈ ਪਰ ਕਿਸਾਨ ਸਰਕਾਰ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏ ਜਦੋਂ ਉਹਨਾਂ ਦਾ ਨਾਮ ਕਰਜਾ ਮਾਫੀ ਵਾਲੀ ਸੂਚੀ ਵਿੱਚੋਂ ਗਾਇਬ ਹੀ ਹੋ ਗਿਆ। ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਰਜਾ ਮਾਫੀ ਦੀ ਸੂਚੀ ਮੁੜ ਤੋਂ ਬਣਾਈ ਜਾਵੇ,ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜਾ ਮਾਫ ਕੀਤਾ ਜਾਵੇ ਅਤੇ ਜੋ ਸੂਚੀ ਕੋਅਪਰੇਟਿਵ ਸੁਸੈਇਟੀਆਂ ਨੇ ਕਿਸਾਨਾਂ ਦੇ ਕਰਜੇ ਮਾਫੀ ਦੀ ਸਰਕਾਰ ਨੂੰ ਭੇਜੀ ਹੈ ਉਸਨੂੰ ਤਰੁੰਤ ਲਾਗੂ ਕੀਤਾ ਜਾਵੇ।ਜੇਕਰ ਸਰਕਾਰ ਨੇ ਕਿਸਾਨਾਂ ਦਾ ਕਰਜਾ ਮਾਫ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਡੇ ਪੱਧਰ ਤੇ ਸ਼ੰਘਰਸ਼ ਵਿੱਡੇਗੀ।