ਜਵਾਬੀ ਕਾਰਵਾਈ ਵਿੱਚ 3 ਅੱਤਵਾਦੀ ਮਾਰੇ ਗਏ
ਸ਼੍ਰੀਨਗਰ/ਨਵੀਂ ਦਿੱਲੀ, 31 ਦਸੰਬਰ- ਨਵੇਂ ਸਾਲ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਵੱਲੋਂ ਅਵੰਤੀਪੁਰਾ ਵਿੱਚ ਸੀ.ਆਰ.ਪੀ.ਐੈਫ. ਕੈਂਪ ’ਤੇ ਵੱਡੇ ਹਮਲੇ ਦੌਰਾਨ ਸੀਆਰਪੀਐਫ ਦੇ 5 ਜਵਾਨ ਸ਼ਹੀਦ ਹੋ ਗਏ ਜਦੋਂ ਕਿ ਸੁਰੱਖਿਆ ਦਸਤਿਆਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ 185ਵੀਂ ਬਟਾਲੀਅਨ ਦੇ ਇਸ ਸਿਖਲਾਈ ਕੈਂਪ ’ਤੇ ਐਤਵਾਰ ਵੱਡੇ ਤੜਕੇ 2 ਵਜੇ ਆਤਮਘਾਤੀ ਹਮਲਾ ਬੋਲਿਆ ਗਿਆ। ਹਮਲਾ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤਾ ਗਿਆ ਜੋ ਅੰਡਰ ਬੈਰਲ ਗ੍ਰਨੇਡ ਲਾਂਚਰ ਅਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਸਨ। ਅੱਤਵਾਦੀਆਂ ਨੇ ਸੰਤਰੀਆਂ ਨੂੰ ਚੁਣੌਤੀ ਦਿੱਤੀ ਅਤੇ ਜ਼ੋਰਦਾਰ ਫਾਇਰਿੰਗ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਅੱਤਵਾਦੀ ਇੱਕ 4 ਮੰਜ਼ਿਲਾ ਇਮਾਰਤ ਵਿੱਚ ਲੁਕ ਕੇ ਗੋਲੀਬਾਰੀ ਕਰਨ ਲੱਗੇ। ਉਹ ਇਸ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਲੁਕੇ ਹੋਏ ਸਨ। ਇਸ ਇਮਾਰਤ ਵਿੱਚ ਸੀਆਰਪੀਐਫ ਸੈਂਟਰ ਦਾ ਪ੍ਰਸ਼ਾਸਨਿਕ ਬਲਾਕ ਸੀ। ਇਸ ਦੇ ਨਾਲ ਹੀ ਕੰਟਰੋਲ ਰੂਮ ਬਣਿਆ ਹੋਇਆ ਸੀ। ਜੈਸ਼-ਏ-ਮੁਹੰਮਦ ਵੱਲੋਂ ਬਾਅਦ ਵਿੱਚ ਮੀਡੀਆ ਨੂੰ ਵਟਸਐਪ ਮੈਸਿਜ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਗਈ। ਅੱਤਵਾਦੀ ਸੰਗਠਨ ਦਾ ਕਹਿਣਾ ਹੈ ਕਿ ਇਹ ਆਤਮਘਾਤੀ ਹਮਲਾ ਉਨ੍ਹਾਂ ਦੇ ਕਮਾਂਡਰ ਨੂਰ ਤਰਾਲੀ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਸੀਆਰਪੀਐਫ ਦੇ ਮਾਰੇ ਗਏ ਜਵਾਨਾਂ ਵਿੱਚੋਂ ਇੱਕ ਦੀ ਪਹਿਚਾਣ ਸ਼੍ਰੀਨਗਰ ਦੇ ਰਹਿਣ ਵਾਲੇ ਸੈਫੂਦੀਨ ਸੋਜ ਦੇ ਰੂਪ ਵਿੱਚ ਹੋਈ ਹੈ। ਪਿਛਲੇ ਹਫਤੇ ਜੰਮੂ ਦੇ ਪੁਲਵਾਮਾ ਵਿਚ ਸੁਰਖਿਆ ਬਲਾਂ ਨੇ ਵਡੀ ਸਫਲਤਾ ਹਾਸਲ ਕਰਦੇ ਹੋਏ ਜੈਸ਼ ਕਮਾਂਡਰ ਨੂਰ ਤਰਾਲੀ ਨੂੰ ਮਾਰ ਦਿੱਤਾ ਸੀ। ਫੌਜ ਨੇ ਐਸਓਜੀ ਅਤੇ ਸੀਆਰਪੀਐਫ ਦੇ ਨਾਲ ਮਿਲਕੇ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਸੁਰਖਿਆ ਦਸਤਿਆਂ ਨੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਨੂੰ ਮਾਰ ਸੁੱਟਿਆ ਸੀ।