May 17, 2026 1:09 pm

ਗੁੰਮ ਹੋਇਆ 7 ਸਾਲਾ ਬੱਚਾ ਬਾਲ ਭਲਾਈ ਕਮੇਟੀ ਨੇ ਮਾਪਿਆਂ ਹਵਾਲੇ ਕੀਤਾ : ਬੌਬੀ

ਫ਼ਤਹਿਗੜ੍ਹ ਸਾਹਿਬ, 29 ਦਸੰਬਰ(ਮਨੋਜ ਭੱਲਾ) ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸ਼੍ਰੀ ਪਰਮਵੀਰ ਸਿੰਘ ਟਿਵਾਣਾ ਤੇ ਉਨ੍ਹਾਂ ਦੇ ਸਾਥੀ ਦਵਿੰਦਰ ਸਿੰਘ ਤੇ ਅਮਰਿੰਦਰ ਸਿੰਘ ਟਿਵਾਣਾ ਨੂੰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਮੋੜ ’ਤੇ ਇੱਕ ਗੁੰਮ ਹੋਇਆ 7 ਸਾਲ ਉਮਰ ਦਾ ਬੱਚਾ ਮਿਲਿਆ ਸੀ ਜਿਸ ਨੂੰ ਉਹ ਬਾਲ ਭਲਾਈ ਕਮੇਟੀ ਕੋਲ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਅਸ਼ਮੀਤ ਸਿੰਘ ਅਤੇ ਪਿਤਾ ਦਾ ਨਾਮ ਜਸਪਾਲ ਸਿੰਘ ਤੇ ਆਪਣੀ ਮਾਤਾ ਦਾ ਨਾਮ ਪਵਨਦੀਪ ਕੌਰ ਦੱਸਿਆ। ਉਨ੍ਹਾਂ ਦੱਸਿਆ ਕਿ ਬੱਚੇ ਨੇ ਇਹ ਵੀ ਦੱਸਿਆ ਕਿ ਉਹ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ਤਰਾਣਾ ਦੇ ਪਿੰਡ ਡੇਰਾ ਗੋਬਿੰਦਪੁਰਾ ਦਾ ਹੈ ਅਤੇ ਆਪਣੇ ਮਾਪਿਆਂ ਨਾਲ ਸ਼ਹੀਦੀ ਸਭਾ ਵਿੱਚ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਵਧੇਰੇ ਭੀੜ ਹੋਣ ਕਾਰਨ ਉਹ ਆਪਣੇ ਮਾਪਿਆਂ ਨਾਲੋਂ ਵਿਛੱੜ ਗਿਆ। ਸ਼੍ਰੀ ਬੌਬੀ ਨੇ ਦੱਸਿਆ ਕਿ ਸ਼੍ਰੀ ਪਰਮਵੀਰ ਸਿੰਘ ਟਿਵਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਖਤ ਮਿਹਨਤ ਨਾਲ ਸ਼ਹੀਦੀ ਸਭਾ ਵਿੱਚ ਬੱਚੇ ਦੇ ਮਾਪਿਆਂ ਦੀ ਭਾਲ ਕੀਤੀ ਅਤੇ ਬੱਚਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਮੈਂਬਰ ਸ਼੍ਰੀ ਸੁਨੀਤ ਸਿੰਘੀ, ਮੈਂਬਰ ਸੋਨੀਆ ਮੜਕਨ, ਰੰਜਨਾਂ ਸ਼ਰਮਾ ਵੀ ਹਾਜਰ ਸਨ।

Send this to a friend