ਭਗਤਾ ਭਾਈ ਕਾ, 28 ਦਸੰਬਰ (ਸਵਰਨ ਸਿੰਘ ਭਗਤਾ)- ਬਾਬਾ ਕੌਲ ਸਾਹਿਬ ਕਲੱਬ ਕੋਠਾ ਗੁਰੂ (ਬਠਿੰਡਾ) ਵੱਲੋਂ ਨਗਰ ਨਿਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 39ਵਾਂ ਸਲਾਨਾ ਤਿੰਨ ਰੋਜ਼ਾ ਕਬੱਡੀ ਕੱਪ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਕੋਠਾ ਗੁਰੂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਕਬੱਡੀ ਕੱਪ ਦੌਰਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿੱਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਬਣੇ ਰਹੇ। ਜਿਸ ਦੌਰਾਨ ਕਬੱਡੀ ਖੇਡ ਜਗਤ ਦੇ 50 ਤੋਂ ਵੱਧ ਸੁਪਰ ਸਟਾਰ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੂੰ ਆਪਣੀ ਕਲਾਂ ਦੇ ਜੌਹਰ ਦਿਖਾਏ।ਕਬੱਡੀ ਕੱਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਰਿਬਨ ਕੱਟ ਕੇ ਕੀਤਾ।ਉਨ੍ਹਾਂ ਪਿੰਡ ਵਿੱਚ ਸਰਕਾਰੀ ਡਿਸਪੈਸਰੀ ਦੀ ਨਵੀਂ ਇਮਾਰਤ ਬਣਾਉਣ ਅਤੇ ਸਮਸ਼ਾਨ ਘਾਟ ਦੀ ਚਾਰ ਦੀਵਾਰੀ ਜਲਦੀ ਕਰਵਾਉਣ ਦਾ ਐਲਾਨ ਕੀਤਾ।ਦੂਸਰੇ ਦਿਨ ਦੇ ਮੁੱਖ ਮਹਿਮਾਨ ਨੌਜਵਾਨ ਕਾਂਗਰਸੀ ਆਗੂ ਹਰਮਨਵੀਰ ਸਿੰਘ ਜੈਸੀ ਕਾਂਗੜ ਸਨ।ਉਨ੍ਹਾਂ ਕਲੱਬ ਨੂੰ 51 ਹਜ਼ਾਰ ਰੁਪਏ ਆਰਥਿਕ ਸਹਾਇਤਾ ਵਜੋਂ ਦਿੱਤੇ।ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਗਿੱਲ ਅਤੇ ਗੁਰਸ਼ਾਂਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ 53 ਕਿਲੋਗ੍ਰਾਮ ਵਿੱਚ ਕੋਠਾ ਗੁਰੂ ਤੇ ਚੋਟੀਆਂ, 60 ਕਿਲੋਗ੍ਰਾਮ ਵਿੱਚ ਕਰਾੜਵਾਲਾ ਤੇ ਕੋਠਾ ਗੁਰੂ ਅਤੇ ਕਬੱਡੀ ਓਪਨ ਵਿੱਚ ਚੱਕ ਭਾਈਕਾ ਤੇ ਭਗਤਾ ਭਾਈ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ।ਅਕੈਡਮੀਆਂ ਦੇ ਫਾਇਨਲ ਮੈਚ ਦੌਰਾਨ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਕਲਾਂ ਦੀ ਟੀਮ ਨੇ ਆਜ਼ਾਦ ਕਬੱਡੀ ਕਲੱਬ ਫਰਿਜ਼ਨੋ ਕੈਨੇਡਾ ਘੱਲ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।ਕਲੱਬ ਵੱਲੋਂ ਅਕੈਡਮੀ ਮੈਚਾਂ ਦੀ ਜੇਤੂ ਟੀਮ ਨੂੰ ਡੇਢ ਲੱਖ ਅਤੇ ਓਪ ਜੇਤੂ ਨੂੰ ਇੱਕ ਲੱਖ ਰੁਪਏ ਨਕਦ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।ਇਨ੍ਹਾਂ ਮੁਕਾਬਲਿਆਂ ਦੌਰਾਨ ਸੰਦੀਪ ਦੋਦਾ ਵਧੀਆ ਧਾਵੀ ਅਤੇ ਬਿੱਟੂ ਪੁਰਹੀਰਾਂ ਵਧੀਆ ਜਾਫੀ ਚੁਣਿਆ ਗਿਆ।ਅੰਤਿਮ ਦਿਨ ਇਨਾਮਾਂ ਦੀ ਵੰਡ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤੀ।ਸ. ਕਾਂਗੜ ਨੇ ਕਲੱਬ ਨੂੰ ਇੱਕ ਲੱਖ ਰੁਪਏ ਦੀ ਨਕਦ ਸਹਾਇਤਾ ਦਿੰਦਿਆਂ ਪਿੰਡ ਵਿੱਚ ਨਵਾਂ ਖੇਡ ਸਟੇਡੀਅਮ ਬਣਾਉਣ, ਬੁਰਜ਼ ਥਰੋੜ-ਡੋਡ ਸੜਕ ਦਾ ਰਹਿੰਦਾ ਹਿੱਸਾ ਬਣਾਉਣ ਅਤੇ ਪਿੰਡ ਤੇ ਖੇਤਾਂ ਵਾਲੇ ਸਾਰੇ ਰਸਤੇ ਜਲਦ ਪੱਕੇ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਪ੍ਰਬੰਧਕਾਂ ਵੱਲੋਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਕਬੱਡੀ ਖਿਡਾਰੀ ਮਾ. ਗੁਲਜ਼ਾਰ ਸਿੰਘ ਭਾਈਰੂਪਾ, ਸੰਦੀਪ ਨੰਗਲ ਅੰਬੀਆਂ, ਬਲਵੀਰ ਬਿੱਟੂ, ਸੁੱਖੀ ਬਰਾੜ, ਕਮੈਂਟੇਟਰ ਰੁਪਿੰਦਰ ਜਲਾਲ ਸਮੇਤ ਪ੍ਰਮੁੱਖ ਸਖਸ਼ੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਕੱਪ ਦੌਰਾਨ ਰੁਪਿੰਦਰ ਜਲਾਲ, ਅਮਨ ਲੋਪੋ, ਬਸੰਤ ਬਾਜਖਾਨਾ, ਅਮਰੀਕ ਖੋਸਾ ਅਤੇ ਅਸ਼ਰਫ ਦਿਆਲਪੁਰਾ ਨੇ ਮੈਚਾਂ ਦੀ ਕਮੈਟਰੀ ਕਰਕੇ ਖੂਬ ਰੰਗ ਬੰਨਿਆ।ਅੰਤ ਵਿੱਚ ਕਲੱਬ ਪ੍ਰਧਾਨ ਬਲਵੀਰ ਸਿੰਘ ਗਿੱਲ ਨੇ ਪਹੁੰਚੀਆਂ ਅਤੇ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।ਇਨਾਮ ਵੰਡ ਸਮਾਗਮ ਮੌਕੇ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।