ਲੋਕ ਸਭਾ ਚੋਣਾਂ ਸਬੰਧੀ ਪਾਰਟੀ ਦੀ ਰਣਨੀਤੀ ਤੈਅ ਕਰਨ ਲਈ ਨਵੀਂ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ‘ਚ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਹੁਤ ਹੀ ਜੋਸ਼ੀਲੇ ਅੰਦਾਜ਼ ’ਚ ਦਿਖਾਈ ਦਿੱਤੇ। ਰਾਹੁਲ ਨੇ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਦੀ ਤਾਰੀਫ ਨਾਲ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਆਰ.ਟੀ.ਆਈ, ਲੋਕਪਾਲ, ਪੰਚਾਇਤੀ ਰਾਜ ਅਤੇ ਮਨਰੇਗਾ ਨੂੰ ਆਪਣੀ ਸਰਕਾਰ ਦੀ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ ’ਤੇ ਸਾਨੂੰ ਮਾਣ ਹੈ। ਕਾਂਗਰਸ ਮੁਕਤ ਭਾਰਤ ਲਈ ਪ੍ਰਚਾਰ ਕਰ ਰਹੇ ਮੋਦੀ ਨੂੰ ਰਾਹੁਲ ਨੇ ਕਿਹਾ ਕਿ ਕਾਂਗਰਸ ਨੂੰ ਮਿਟਾਉਣ ਵਾਲੇ ਖੁਦ ਹੀ ਮਿੱਟ ਜਾਣਗੇ ਪਰ ਕਾਂਗਰਸ ਨਹੀਂ ਮਿਟੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦੀ ਮੈਂਬਰ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ।
ਰਾਹੁਲ ਗਾਂਧੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਅਸੀਂ ਜਿੰਨਾ ਕੰਮ ਕੀਤਾ, ਓਨਾ ਕੋਈ ਹੋਰ ਨਹੀਂ ਕਰ ਸਕਦਾ। ਅਸੀਂ ਮੁਲਕ ਨੂੰ ਭ੍ਰਿਸ਼ਟਾਚਾਰ ਰੋਧੀ ਬਿੱਲ ਦੇਣਾ ਚਾਹੁੰਦੇ ਹਾਂ, ਜੋ ਮੁਲਕ ’ਚ ਤਬਦੀਲੀ ਲਿਆਏਗਾ, ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਵੇਗਾ ਅਤੇ ਇਮਾਨਦਾਰ ਦੀ ਰੱਖਿਆ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਚੋਣਾਂ ਲਈ ਟਿਕਟ ਦਿੱਤੀ ਜਾਵੇਗੀ ਨਾ ਕਿ ਬਾਹਰਲੇ ਨੇਤਾਵਾਂ ਨੂੰ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਦੂਜਿਆਂ ਲਈ ਦਰਵਾਜ਼ੇ ਬੰਦ ਕਰ ਲਵਾਂਗੇ। ਸਾਨੂੰ ਨਵੇਂ ਵਿਚਾਰਾਂ ਅਤੇ ਸੋਚ ਦੀ ਵੀ ਜ਼ਰੂਰਤ ਹੈ। ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਤਾਣਦੇ ਹੋਏ ਕਿਹਾ ਕਿ ਲੋਕਤੰਤਰ ਕਿਸੇ ਇਕ ਆਦਮੀ ਨਾਲ ਨਹੀਂ ਚੱਲਦਾ। ਉਨ੍ਹਾਂ ਆਰ.ਟੀ.ਆਈ ‘ਤੇ ਕਿਹਾ ਕਿ ਅਸੀਂ ਕਿਸੇ ਦੇ ਦਬਾਅ ‘ਚ ਇਹ ਕਾਨੂੰਨ ਨਹੀਂ ਬਣਾਇਆ। ਉਨ੍ਹਾਂ ਭਾਸ਼ਣ ‘ਚ ਕਿਹਾ ਕਿ 9 ਸਿਲੰਡਰਾਂ ਨਾਲ ਕੰਮ ਨਹੀਂ ਚੱਲਦਾ, ਇਸ ਲਈ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕੀਤੀ ਜਾਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਪਾਰਟੀ ਦਾ ਘੋਸ਼ਣਾ ਪੱਤਰ ਦੋ-ਚਾਰ ਨੇਤਾ ਬਣਾਉਂਦੇ ਸਨ ਪਰ ਹੁਣ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਅਤੇ ਮਹਿਲਾਵਾਂ ਤੋਂ ਪੁੱਛ ਕੇ ਘੋਸ਼ਣਾ ਪੱਤਰ ਤਿਆਰ ਕੀਤਾ ਜਾਵੇਗਾ।
ਰਾਹੁਲ ਗਾਂਧੀ ਦੀ ਅਗਵਾਈ ’ਚ 2014 ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕਰਾਂਗੇ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ‘ਚ ਰਾਹੁਲ ਗਾਂਧੀ ਦੀ ਅਗਵਾਈ ‘ਚ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸਹੀ ਤਰੀਕੇ ਨਾਲ ਤਿਆਰੀ ਕਰੇ ਤਾਂ 2014 ਦੀ ਚੋਣ ਜਿੱਤ ਸਕਦੇ ਹਾਂ ਜੋ ਰਾਹੁਲ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਰਾਹੁਲ ਦੀ ਅਗਵਾਈ ‘ਚ ਜਿੱਤਣ ਨੂੰ ਲੈ ਕੇ ਕੋਈ ਸੰਦੇਹ ਨਹੀਂ ਹੈ।