May 18, 2026 1:48 pm

ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਉਘੀਆਂ ਸ਼ਖਸ਼ੀਅਤਾਂ ਸਨਮਾਨਿਤ

ਕੋਟਕਪੂਰਾ, 25 ਦਸੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ‘ਜੈਕਾਰਾ ਮੂਵਮੈਂਟ’ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਮਾਜਸੇਵਾ, ਮਨੁੱਖਤਾ ਦੀ ਭਲਾਈ, ਵਾਤਾਵਰਣ, ਵਿਦਿਅਕ ਅਤੇ ਹੋਰ ਖੇਤਰਾਂ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੀਆਂ ਸ਼ਖਸ਼ੀਅਤਾਂ ’ਚ ਡਾ. ਨਾਨਕ ਸਿੰਘ ਐਸਐਸਪੀ ਫਰੀਦਕੋਟ, ਐਡਵੋਕੇਟ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਸੰਸਥਾਵਾਂ, ਐਡਵੋਕੇਟ ਮਹੀਪਇੰਦਰ ਸਿੰਘ ਸੇਵਾਦਾਰ, ਉੱਘੇ ਗੀਤਕਾਰ ਮੱਖਣ ਬਰਾੜ ਮੱਲਕੇ, ਪ੍ਰੋ. ਗੁਰਪ੍ਰੀਤ ਸਿੰਘ ਮੁਕਤਸਰ ਜ਼ੋਨਲ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਜਤਿੰਦਰਪਾਲ ਸਿੰਘ ਮੁੱਖ ਪ੍ਰਚਾਰਕ ਵਾਹਿਗੁਰੂ ਸਿਮਰਨ ਕੇਂਦਰ ਤੇ ਬਾਬਾ ਕੁਲਵੰਤ ਸਿੰਘ ਚਾਣਕੀਆ ਮੁਖਤਿਆਰੇਆਮ ਸ਼੍ਰੋਮਣੀ ਬੁੱਢਾ ਅਕਾਲੀ ਦਲ ਸ਼ਾਮਲ ਹਨ। ਆਪਣੇ ਸੰਬੋਧਨ ਦੌਰਾਨ ਉਕਤ ਸ਼ਖਸ਼ੀਅਤਾਂ ਨੇ ਜਿੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀਆਂ ਵਧਾਈਆਂ ਸਮੂਹ ਸੰਗਤਾਂ ਨੂੰ ਦਿੱਤੀਆਂ, ਉੱਥੇ ਜੈਕਾਰਾ ਮੂਵਮੈਂਟ ਦੇ ਉਕਤ ਉਪਰਾਲੇ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਮੱਖਣ ਬਰਾੜ ਮੱਲਕੇ ਵੱਲੋਂ ਪੰਜਾਬ ਦਾ ਦਰਦ, ਨੈਤਿਕਤਾ, ਅਨੁਸ਼ਾਸ਼ਨ ਆਦਿਕ ਸਬੰਧੀ ਪ੍ਰੇਰਨਾਮਈ ਸ਼ਾਇਰੀ ਰਾਹੀਂ ਸਮੂਹ ਸੰਗਤਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਪਰੋਕਤ ਸ਼ਖਸ਼ੀਅਤਾਂ ਨੂੰ ਬਾਬਾ ਕੁਲਵੰਤ ਸਿੰਘ ਨੇ ਗੁਰਦਵਾਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਬਾਬਾ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢੇ ਜਾਣ ਤੋਂ ਪਹਿਲਾਂ ਗੁਰਦਵਾਰਾ ਸਾਹਿਬ ’ਚ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਕਥਾ-ਕੀਰਤਨ, ਰਾਗੀ, ਢਾਡੀ ਤੇ ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਇਤਿਹਾਸ ਨਾਲ ਜੋੜਿਆ।

Send this to a friend