ਜਲੰਧਰ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰ ਦੇ ਖਾਂਬੜਾ ਅਡੇ ‘ਚ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਕਰੀਬ ਢਾਈ ਵਜੇ ਪਾਰਾ 5 ਡਿਗਰੀ ‘ਤੇ ਪੁਜ ਗਿਆ ਸੀ ਅਤੇ ਧੁੰਦ ਇੰਨੀ ਜ਼ਿਆਦਾ ਸੀ ਕਿ 2 ਮੀਟਰ ਤਕ ਵੀ ਦੇਖ ਪਾਉਣਾ ਬਹੁਤ ਮੁਸ਼ਕਲ ਜਾਪ ਰਿਹਾ ਸੀ। ਅਜਿਹੇ ‘ਚ ਹਥਾਂ ‘ਚ ਟਾਰਚ ਲਈ ਇਕ ਸ਼ਖਸ ਕਹਿ ਰਿਹਾ ਸੀ,‘‘ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.. ਜੀ ਆਇਆਂ ਨੂੰ।‘‘ ਦੂਜੇ ਪਾਸੇ ਮੋਬਾਇਲ ‘ਤੇ ਸ਼ਬਦ ਸੁਣਿਆ ਜਾ ਰਿਹਾ ਸੀ, ‘‘ਜੇ ਚਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ।‘‘ ਬੇਹਦ ਭਾਵੁਕ ਇਸ ਸ਼ਬਦ ਨੇ ਉਸ ਰਾਤ ਦੀ ਯਾਦ ਦੁਆ ਦਿਤੀ, ਜਦੋਂ ਸਰਹੰਦ ਦੇ ਠੰਡੇ ਬੁਰਜ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਨੂੰ ਨਵਾਬ ਵਜੀਰ ਖਾਨ ਨੇ ਨਜ਼ਰਬੰਦ ਕਰ ਰਖਿਆ ਸੀ। ਉਸੇ ਕੜਾਕੇ ਦੀ ਠੰਡ ਨੂੰ ਮਹਿਸੂਸ ਕਰਨ ਲਈ ਪ੍ਰਤਾਪਪੁਰਾ ਦੇ ਖੇਤਾਂ ‘ਚ ਰਾਤ ਦੇ ਢਾਈ ਵਜੇ ਖੁਲ੍ਹੇ ਮੈਦਾਨ ‘ਚ ਸੰਗਤਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ, ਜੋ ਕਿ ਸਵੇਰੇ 7.30 ਵਜੇ ਤਕ ਚਲਿਆ। ਜਿਥੇ ਦੇਸ਼-ਵਿਦੇਸ਼ ‘ਚ ਇਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਉਥੇ ਹੀ ਇਨ੍ਹਾਂ ਗੁਰ ਸਿਖ ਪਿਆਰਿਆਂ ਨੇ ਰਾਤ ਦੇ ਸਮੇਂ ਕੜਕਦੀ ਠੰਡ ‘ਚ ਗੁਰਬਾਣੀ ਦਾ ਜਾਪ ਕਰਕੇ ਸਿਖ ਹੋਣ ਦਾ ਫਰਜ਼ ਨਿਭਾਇਆ। ਤੁਹਾਨੂੰ ਦਸ ਦੇਈਏ ਕਿ ਪਿਛਲੇ 17 ਸਾਲਾਂ ਤੋਂ ਇਹ ਪਰੰਪਰਾ ਚਲੀ ਆ ਰਹੀ ਹੈ।