ਅੰਮ੍ਰਿਤਸਰ, 22 ਦਸੰਬਰ (ਸ਼ਰਤ ਵਸ਼ਿਸ਼ਟ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸਾਹਿਬੇ ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਪੂਰੀ ਖਾਲਸਾਈ ਸ਼ਾਨ ਅਤੇ ਰਵਾਇਤ ਨਾਲ ਇਕ ਆਲੌਕਿਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ । ਨਗਰ ਕੀਰਤਨ ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ, ਬਸੰਤ ਐਵੀਨਿਊ, ਮਜੀਠਾ ਬਾਈਪਾਸ, ਰਣਜੀਤ ਐਵੀਨਿਊ, ਗੋਲਡਨ ਐਵੀਨਿਊ, ਸੁਲਤਾਨਵਿੰਡ ਰੋਡ, ਪਰਾਗਦਸ, ਭਗਤਾਂਵਾਲਾ, ਫਰੈਂਡਸ ਐਵੀਨਿਊ, ਮਝਵਿੰਡ, ਝਬਾਲ, ਅਜਨਾਲਾ, ਨਵਾਂ ਪਿੰਡ, ਤਰਨਤਾਰਨ, ਰਸੂਲਪੁਰ, ਪੱਟੀ, ਲੁਧਿਆਣਾ, ਚੰਡੀਗੜ੍ਹ, ਸੀ.ਕੇ.ਡੀ ਨਰਸਿੰਗ ਕਾਲਜ ਅਤੇ ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ । ਜੀ. ਟੀ. ਰੋਡ ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿਘ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਮਹਿਮਾਨਾਂ, ਮੈਂਬਰ ਸਾਹਿਬਾਨ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਅਤੇ ਹੋਰ ਸੰਗਤਾਂ ਨੂੰ ‘ਜੀ ਆਇਆਂ’ ਆਖਿਆ । ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ । ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀ ਮਨਹਰਜੀ ਸਿੰਘ ਨੂੰ ਹਰਵੱਲਭ ਸੰਗੀਤ ਸੰਮੇਲਨ ਵਿੱਚ ਜੇਤੂ ਰਹਿਣ ਲਈ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਵੱਲੋਂ 5100/- ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ । ਇਸਦੇ ਨਾਲ ਹੀ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵਿਤਾ ਗਾਇਨ ਅਤੇ ਲੈਕਚਰ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਜੀ. ਟੀ. ਰੋਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਕਵਿਤਾ ਅਤੇ ਲੈਕਚਰ ਪੇਸ਼ ਕੀਤੇ ਗਏ ।