May 19, 2026 6:35 am

ਖ਼ਾਲਸਾ ਕਾਲਜ ਪਟਿਆਲਾ ਦੇ ਫਿਜ਼ਿਕਸ ਵਿਭਾਗ ਵੱਲੋਂ ਵਰਕਸ਼ਾਪ ਆਯੋਜਿਤ

ਪਟਿਆਲਾ, 22 ਦਸੰਬਰ -ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ ਅਤੇ ਆਈ.ਯੂ.ਏ.ਸੀ., ਨਵੀਂ ਦਿੱਲੀ ਦੇ ਸਾਂਝੇ ਯਤਨਾਂ ਸਦਕਾ ਕਾਲਜ ਵਿਚ ‘ਕੰਪਿਊਟਰ ਇੰਟਰਫੇਸਡ ਐਕਸਪੈਰੀਮੈਂਟ ਫਾਰ ਫਿਜ਼ਿਕਸ ਟੀਚਰਜ਼ ਐਂਡ ਇੰਜਨੀਅਰਜ਼’ ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਨਵੀਂ ਦਿੱਲੀ ਤੋਂ ਡਾ. ਅਜੀਥ ਕੁਮਾਰ ਬੀ.ਪੀ. ਕੁੰਜੀਵਤ ਭਾਸ਼ਣ ਦੇਣ ਲਈ ਆਏ। ਵਰਕਸ਼ਾਪ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੰਪਿਊਟਰ ਨੇ ਸਾਇੰਸ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਨਵੀਂ ਭੂਮਿਕਾ ਨਿਭਾਈ ਹੈ। ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ ਨੇ ਸਾਇੰਸ ਦੇ ਵਿਦਿਆਰਥੀਆਂ ਲਈ ਨਵੇਂ ਰਸਤੇ ਖੋਲੇ ਹਨ। ਉਨ੍ਹਾਂ ਨੇ ਕਿਹਾ ਜਿਹੜੇ ਪ੍ਰਯੋਗ ਬੰਦ ਕਮਰਿਆਂ ਵਿੱਚ ਕਾਫੀ ਸਾਜੋ-ਸਮਾਨ ਨਾਲ ਹੁੰਦੇ ਸਨ ਉਹ ਹੁਣ ਸਾਫਟਵੇਅਰ ਦੇ ਮੱਦਦ ਨਾਲ ਬਹੁਤ ਆਸਾਨ ਸੰਭਵ ਹੋ ਗਏ ਹਨ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਕਿਹਾ ਕਿ ਤਕਨਾਲੋਜੀ ਬਹੁਤ ਵਧੀਆ ਸਾਧਨ ਹੈ ਪਰ ਮਨੁੱਖੀ ਕਦਰਾਂ ਕੀਮਤਾਂ ਨੂੰ ਮਨਫੀ ਕਰਕੇ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਬੇ ਸ਼ੱਕ ਤਕਨਾਲੋਜੀ ਨੇ ਸਾਡੇ ਸਮਾਜ ਨੂੰ ਨਵੀਂ ਰੂਪ ਰੇਖਾ ਦਿੱਤੀ ਹੈ ਪਰ ਮਨੁੱਖ ਦੇ ਦਿਲ ਦੀ ਆਵਾਜ਼ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਰਜੇਸ਼ ਖੰਨਾ, ਪ੍ਰੋਫੈਸਰ, ਇਲੈਕਟ੍ਰੋਨਿਕਸ ਵਿਭਾਗ, ਥਾਪਰ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ। ਆਧੁਨਿਕ ਸਮੇਂ ਵਿਚ ਵਿਗਿਆਨ ਦੇ ਖੇਤਰ ਵਿਚ ਕਈ ਚੁਣੌਤੀਆਂ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਸਾਫਟਵੇਅਰ ਤੋਂ ਬਿਨ੍ਹਾਂ ਹੱਲ ਨਹੀਂ ਕੀਤਾ ਜਾ ਸਕਦਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਭਜਨ ਸਿੰਘ, ਪ੍ਰੋਫੈਸਰ, ਫਿਜ਼ਿਕਸ, ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਵਿਦਿਆਰਥੀ ਬਹੁਤ ਕੁਝ ਪੜ੍ਹ ਰਹੇ ਹਨ ਪਰ ਲੈਬ ਵਿੱਚ ਪ੍ਰੈਕਟੀਕਲ ਕੰਮ ਨਹੀਂ ਕਰ ਰਹੇ ਜਿਸ ਦਾ ਨਤੀਜਾ ਇਸ ਸਮੇਂ ਵਿਚ ਵਿਗਿਆਨ ਵਿਚ ਵੱਡੀਆਂ ਪ੍ਰਾਪਤੀਆਂ ਬਹੁਤ ਘੱਟ ਰਹੀਆਂ ਹਨ। ਵਰਕਸ਼ਾਪ ਦੇ ਕਨਵੀਨਰ ਡਾ. ਅਰਵਿੰਦ ਸਭਰਵਾਲ ਨੇ ਵਰਕਸ਼ਾਪ ਦੀ ਰੂਪ ਰੇਖਾ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਮੁੱਢਲੀ ਸਾਇੰਸ ਬਾਰੇ ਦੱਸਣ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਵਰਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾ. ਸੁਪਰੀਆ ਨੇ ਬਾਹਰੋਂ ਆਏ ਵਿਦਵਾਨਾਂ ਨਾਲ ਮੁੱਢਲੀ ਜਾਣ-ਪਹਚਾਣ ਕਰਵਾਈ। ਇਸ ਵਰਕਸ਼ਾਪ ਵਿਚ ਵੱਖ ਵੱਖ ਕਾਲਜਾਂ ਤੋਂ ਅਧਿਆਪਕ ਸਾਹਿਬਾਨਾਂ ਨੇ ਸ਼ਿਰਕਤ ਕੀਤੀ।

Send this to a friend