ਅੰਮ੍ਰਿਤਸਰ, 22 ਦਸੰਬਰ (ਸ਼ਰਤ ਵਸ਼ਿਸ਼ਟ)- ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗੁਰਮਤਿ ਕਾਲਜ ਦੇ ਯਤਨਾ ਸਦਕਾ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰੂ ਜੀ ਦੀ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ, ਯਤੀਮਖ਼ਾਨੇ ਦੇ ਬੱਚਿਆਂ ਨੇ ਸ਼ਬਦ ਗਾਇਨ ਕੀਤੇ। ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਾਹਦਤ ਬਾਰੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਦੀਆਂ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਿੱਖ ਇਤਿਹਾਸਕਾਰ ਤੇ ਸਿੱਖ ਪੰਥ ਦੇ ਉਘੇ ਬੁਲਾਰੇ ਡਾ. ਇੰਦਰਜੀਤ ਸਿੰਘ ਜੀ ਗੋਗੋਆਣੀ ਨੇ ਵੀ ਸਿਖ ਸ਼ਾਹਦਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਸਮਾਗਮ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯਤੀਮਖ਼ਾਨੇ ਵਿਚ ਰਹਿ ਰਹੇ ਬੱਚੇ ਯਤੀਮ ਨਹੀਂ ਹਨ, ਸਗੋਂ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਦੇ ਬੱਚੇ ਹਨ ਜਿਹਨਾਂ ਉਤੇ ਬੱਚਿਆਂ ਦੀ ਉਚਿਤ ਰਹਿਣ-ਸਹਿਣ,ਵਿਦਿਆ ਅਤੇ ਉਜਵਲ ਭਵਿੱਖ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ। ਪਧਾਨ ਸ੍ਰ. ਚੱਢਾ ਨੇ ਬੱਚਿਆਂ ਨੂੰ ਆਧੁਨਿਕ ਸਮੇਂ ਦਾ ਹਾਣੀ ਬਨਾਉਣ ਲਈ ਉਚ ਤਕਨੀਕੀ ਵਿੱਦਿਆ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਮੰਤਵ ਲਈ ਚੀਫ਼ ਖ਼ਾਲਸਾ ਦੀਵਾਨ ਵੱਲੋਂ ਹਰ ਲੋੜੀਂਦੀ ਮਦਦ ਦਿੱਤੀ ਜਾਵੇਗੀ। ਇਸ ਮੌਕੇ ’ਤੇ ਸ੍ਰ. ਸਰਬਜੀਤ ਸਿੰਘ ਮੈਂਬਰ ਇੰਚਾਰਜ, ਸ੍ਰ. ਮਨਜੀਤ ਸਿੰਘ ਵਿਰਕ ਸੁਪ੍ਰਿੰਟੈਂਡੈਂਟ, ਡਾ. ਜਸਵਿੰਦਰ ਕੌਰ ਮਾਹਲ ਕਾਲਜ ਪ੍ਰਿੰਸੀਪਲ, ਪ੍ਰੋ. ਰਵਿੰਦਰ ਸਿੰਘ, ਸ੍ਰ. ਹਰਜੀਤ ਸਿੰਘ ਫਰਾਸ (ਸ੍ਰੀ ਅਕਾਲ ਤੱਖਤ ਸਾਹਿਬ), ਸ੍ਰ.ਮਹਿੰਦਰ ਸਿੰਘ ਸਕੂਲ ਪਿੰਸੀਪਲ, ਸਕੂਲ ਤੇ ਭਾਈ ਵੀਰ ਸਿੰਘ ਗੁਰਮਤਿ ਕਾਲਜ ਦਾ ਸਮੂਹ ਸਟਾਫ ਹਾਜ਼ਰ ਸਨ।