ਆਪਣੀ 36 ਵਰ੍ਹਿਆਂ ਦੀ ਨੌਕਰੀ ਜਿਸ ਵਿੱਚੋਂ 4 ਸਾਲ ਕੱਚੀ ਜਾਂ ਗੈਸਟ ਲੈਕਚਰਾਰ ਦੇ ਤੌਰ ’ਤੇ ਕੀਤੀ ਨੌਕਰੀ ਸ਼ਾਮਿਲ ਹੈ ਤੋਂ ਸੇਵਾ ਮੁਕਤ ਹੋਣ ਸਮੇਂ ਮੈਂ ਯੂਨੀਵਰਸਿਟੀ ਵਿੱਚ ਨੌਕਰੀ ਲੱਗਣ ਦੀ ਕਹਾਣੀ ਸੁਣਾ ਰਿਹਾ ਸੀ। ਜਦੋਂ ਮਾਰਚ 1985 ਵਿੱਚ ਰੈਗੂਲਰ ਲੈਕਚਰਾਰ ਰੱਖਣ ਲਈ ਵਿਗਿਆਪਨ ਛੱਪਿਆ ਤਾਂ ਉਸ ਸਮੇਂ ਮੇਰੇ ਤੋਂ ਇਲਾਵਾ ਕਮਲੇਸ਼ ਸਿੰਘ ਦੁੱਗਲ ਅਤੇ ਗੁਰਮੀਤ ਮਾਨ ਅਜਿਹੇ ਉਮੀਦਵਾਰ ਸਨ ਜਿਨ੍ਹਾਂ ਨੂੰ ਇਹ ਨੌਕਰੀ ਪੱਕੀ ਹੀ ਉਨ੍ਹਾਂ ਦੀ ਝੋਲੀ ਪਈ ਲਗਦੀ ਸੀ। ਗੁਰਮੀਤ ਮਾਨ ਨੂੰ ਇਹ ਲਗਦਾ ਸੀ ਕਿ ਜਿਸ ਨੇ ਮੈਨੂੰ ਲੋਕ ਸੰਪਰਕ ਅਧਿਕਾਰੀ ਲਗਵਾ ਦਿੱਤਾ ਹੈ ਉਹੀ ਨੇਤਾ ਇਸ ਨੌਕਰੀ ਲਈ ਉਸਦੀ ਮੱਦਦ ਕਰੇਗਾ। ਦੂਜੇ ਪਾਸੇ ਕਮਲੇਸ਼ ਸਿੰਘ ਦੁੱਗਲ ਨੂੰ ਜਨਮੇਜਾ ਸਿੰਘ ਜੌਹਲ ਦੀ ਦੋਸਤੀ ’ਤੇ ਮਾਣ ਸੀ ਅਤੇ ਤਾਜਾ-ਤਾਜਾ ਲੈਕਚਰਾਰ ਲੱਗਿਆ। ਸ. ਨਵਜੀਤ ਸਿੰਘ ਜੌਹਲ ਵੀ ਉਸ ਦੀ ਮੱਦਦ ਕਰ ਰਿਹਾ ਸੀ। ਅਸੀਂ ਤਿੰਨੇ ਹੀ ਗੈਸਟ ਲੈਕਚਰਾਰ ਦੇ ਤੌਰ ’ਤੇ ਪੜ੍ਹਾ ਰਹੇ ਸਾਂ ਹਾਲਾਂਕਿ ਮੈਂ ਇਨ੍ਹਾਂ ਦੋਵਾਂ ਤੋਂ ਪਹਿਲਾਂ ਪੜ੍ਹਾਉਣ ਲਗਾ ਸਾਂ। ਸਾਡੇ ਤੋਂ ਇਲਾਵਾ ਵਿਗਿਆਪਨ ਵੇਖਕੇ ਕਈ ਹੋਰ ਵੀ ਉਮੀਦਵਾਰ ਮੈਦਾਨ ਵਿੱਚ ਨਿੱਤਰ ਆਏ ਸਨ। ਪਿਛਲੇ ਕਾਲਮ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਪਣੀ ਮੈਰਿਟ ਵਧਾਉਣ ਦੇ ਯਤਨ ਵਿੱਚ ਕਿਤਾਬ ’ਤੇ ਕੰਮ ਕਰ ਰਿਹਾ ਸਾਂ।
ਮੇਰੇ ਘਰ ਤੋਂ ਤਿੰਨ ਚਾਰ ਕਿਲੋਮੀਟਰ ਦੂਰੀ ’ਤੇ ਪਿੰਡ ਛਪਾਰ ਵਿਖੇ ਗੁੱਗੇ ਦੀ ਮਾੜੀ ’ਤੇ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਭਰਦਾ ਸੀ ਅਤੇ ਮੈਂ ਬਚਪਨ ਤੋਂ ਹੀ ਇਸ ਦਾ ਆਨੰਦ ਮਾਣਦਾ ਰਿਹਾ ਸਾਂ। ਇਸੇ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ ਪੜ੍ਹਦੇ ਹੋਏ ਪੰਜਾਬ ਦੇ ਮੇਲਿਆਂ ’ਤੇ ਖੋਜ ਕਾਰਜ ਕੀਤਾ ਸੀ। ਉਸੇ ਕੰਮ ਤੋਂ ਪ੍ਰੇਰਨਾ ਲੈ ਕੇ ਮੈਂ ਪੰਜਾਬ ਦੇ ਲੋਕ ਪ੍ਰੰਪਰਕ ਸੰਚਾਰ ਸਾਧਨਾਂ ’ਤੇ ਕੰਮ ਸ਼ੁਰੂ ਕੀਤਾ ਹੋਇਆ ਸੀ। ਜਦੋਂ ਮੈਨੂੰ ਪਤਾ ਲਗਾ ਕਿ ਜਲਦੀ ਹੀ ਇੰਟਰਵਿਊ ਹੋਣ ਵਾਲੀ ਹੈ ਤਾਂ ਜਿਨ੍ਹਾਂ ਵੀ ਅੱਧ ਪਚੱਧਾ ਕੰਮ ਮੈਂ ਨਿਪਟਾ ਸਕਿਆ ਸਾਂ, ਉਸ ਨੂੰ ਕਿਤਾਬੀ ਰੂਪ ਦੇਣ ਦਾ ਮਨ ਬਣਾ ਲਿਆ। ਮੁੱਖਬੰਧ ਪੀ.ਏ.ਯੂ. ਵਿੱਚ ਪੱਤਰਕਾਰੀ ਦੇ ਪ੍ਰੋਫੈਸਰ ਡਾ. ਐਸ.ਐਸ. ਦੁਸਾਂਝ ਨੇ ਲਿਖ ਦਿੱਤਾ। ਕਿਤਾਬਾਂ ਨੂੰ ਛਾਪਣ ਦਾ ਕੰਮ ਮੇਰੀ ਆਪਣੀ ਪ੍ਰੈਸ ਵਿੱਚ ਹੀ ਸ਼ੁਰੂ ਹੋ ਗਿਆ। ਕਿਤਾਬ ਦੀ ਸੁਧਾਈ ਦਾ ਕੰਮ ਪ੍ਰੋ. ਅਮਰਜੀਤ ਸਿੰਘ ਪਰਾਗ ਹੋਰਾਂ ਕਰ ਦਿੱਤਾ। ਇਸ ਤਰ੍ਹਾਂ ਮੰਚ ਪਬਲੀਕੇਸ਼ਨ ਦੀ ਪਹਿਲੀ ਪੁਸਤਕ ‘ਪੰਜਾਬ ਦੇ ਲੋਕ ਪ੍ਰੰਪਰਕ ਸੰਚਾਰ ਸਾਧਨ’ ਮੇਰੀ ਇੰਟਰਵਿਊ ਤੋਂ ਦੋ ਦਿਨ ਪਹਿਲਾਂ ਛੱਪਕੇ ਤਿਆਰ ਹੋ ਗਈ ਸੀ। ਕਿਤਾਬ ਨੂੰ ਮੋਟੀ ਜਿਹੀ ਜਿਲਦ ਵਿੱਚ ਤਿਆਰ ਕੀਤਾ ਗਿਆ ਤਾਂ ਕਿ ਇਹ ਕਿਤਾਬ ਥੋੜ੍ਹੀ ਮੋਟੀ ਲੱਗੇ ਅਤੇ ਬਾਹਰੋਂ ਪਤਾ ਨਾ ਲੱਗੇ ਕਿ ਇਸ ਦੇ ਪੰਨੇ ਆਮ ਪੁਸਤਕਾਂ ਤੋਂ ਘੱਟ ਹਨ। ਇਉਂ ਮੈਂ ਇਕੱਲਾ ਹੀ ਉਮੀਦਵਾਰ ਸਾਂ ਜਿਸਦੇ ਖਾਤੇ ਵਿੱਚ ਇਕ ਕਿਤਾਬ ਵੀ ਸੀ। ਆਰਟੀਕਲ ਅਤੇ ਸੰਪਾਦਕੀ ਤਾਂ ਮੈਂ ਹਰ ਮਹੀਨੇ ਲਿਖ ਹੀ ਰਿਹਾ ਸੀ।
ਇਧਰ ਮੈਂ ਆਪਣੀ ਮੈਰਿਟ ਵਧਾਉਣ ਲੱਗਾ ਸਾਂ ਉਧਰ ਮੇਰੀ ਚੋਣ ਰੋਕਣ ਲਈ ਦੋਸਤਾਂ ਵੱਲੋਂ ਸਾਜਿਸ਼ਾਂ ਰਚੀਆਂ ਜਾਣ ਲੱਗੀਆਂ। ਸ਼ਾਇਰ ਖ਼ਾਲਿਦ ਸ਼ਰੀਫ ਦੇ ਕਹਿਣਾ ਦਰੁਸਤ ਲੱਗਿਆ,
ਦਿਲਚਸਪ ਵਾਕਿਆ ਹੈ ਕਿ ਕੱਲ੍ਹ ਇਕ ਅਜੀਜ਼ ਦੋਸਤ
ਆਪਣੇ ਮਫ਼ਾਦ ਪਰ,
ਮੁਝੇ ਕੁਰਬਾਨ ਕਰ ਗਯਾ
ਉਂਜ ਦੋ ਤਿੰਨ ਵਰ੍ਹਿਆਂ ਦੌਰਾਨ ਮੈਂ ਯੂਨੀਵਰਸਿਟੀ ਕਲਚਰ ਨੂੰ ਚੰਗੀ ਤਰ੍ਹਾਂ ਸਮਝ ਚੁਕਾ ਸਾਂ। ਮੈਂ ਚੁਕੰਨਾ ਸਾਂ ਅਤੇ ਇਹ ਸੋਚ ਰਿਹਾ ਸੀ ਕਿ ਕਿਸ ਕਿਸਮ ਦਾ ਤੀਰ ਮੇਰੇ ਖਿਲਾਫ ਚਲ ਸਕਦਾ ਹੈ ਅਤੇ ਕਿਹੜਾ ‘ਦੋਸਤ’ ਮੈਦਾਨ ’ਚ ਨਿਤਰੇਗਾ।
ਦੁਸ਼ਮਨੋ ਕੇ ਸਾਥ,
ਮੇਰੇ ਦੋਸਤ ਭੀ ਆਜ਼ਾਦ ਹੈਂ
ਦੇਖਨਾ ਹੈ ਖੇਂਚਤਾ ਹੈ,
ਮੁਝ ਪੇ ਪੇਹਲਾ ਤੀਰ ਕੌਨ।
ਇਹ ਪਹਿਲਾ ਤੀਰ ਸਿਰਫ ਮੇਰੇ ’ਤੇ ਹੀ ਨਹੀਂ ਛੱਡਿਆ ਗਿਆ ਸਗੋਂ ਇਸ ਦਾ ਸ਼ਿਕਾਰ ਕਮਲੇਸ਼ ਸਿੰਘ ਦੁੱਗਲ ਵੀ ਹੋਇਆ। ਇਸ ‘ਪਿਆਰੇ ਮਿੱਤਰ’ ਨੇ ਵਾਇਸ ਚਾਂਸਲਰ ਸਰਦਾਰਾ ਸਿੰਘ ਜੌਹਲ ਹੋਰਾਂ ਨੂੰ ਕਿਹਾ ਕਿ ਐਗਰੀਕਲਚਰ ਯੂਨੀਵਰਸਿਟੀ ਵਿੱਚ ‘ਐਗਰੀਕਲਚਰ ਜਰਨਿਲਜ਼ਮ’ ਦੀ ਡਿਗਰੀ ਕਰਵਾਈ ਜਾਂਦੀ ਹੈ ਜੋ ਇਥੇ ਪਰਵਾਨ ਨਹੀਂ ਹੋਣੀ ਚਾਹੀਦੀ। ਇਹ ਸ਼ਿਕਾਇਤ ਵਿਭਾਗ ਦੇ ਮੁੱਖੀ ਕੋਲ ਪਹੁੰਚ ਗਈ ਅਤੇ ਉਨ੍ਹਾਂ ਮੈਨੂੰ ਦੱਸ ਦਿੱਤਾ। ਮੈਂ ਇੰਟਰਵਿਊ ਤੋਂ ਇਕ ਦਿਨ ਪਹਿਲਾਂ ਸਵੇਰੇ-ਸਵੇਰੇ ਵੀ.ਸੀ. ਸਾਹਿਬ ਦੇ ਘਰ ਪਹੁੰਚ ਗਿਆ। ਮੈਂ ਆਪਣੇ ਆਉਣ ਦਾ ਮਕਸਦ ਦੱਸਿਆ ਅਤੇ ਮੈਨੂੰ ਵਕਤ ਮਿਲ ਗਿਆ। ਮੈਂ ਕਿਹਾ,
‘‘ਸਰ, ਮੈਂ ਕੋਈ ਸਿਫਾਰਸ਼ ਲੈ ਕੇ ਨਹੀਂ ਆਇਆ ਅਤੇ ਨਾ ਹੀ ਇਹ ਕਹਿਣ ਆਇਆ ਹਾਂ ਕਿ ਮੈਨੂੰ ਚੁਣਿਆ ਜਾਵੇ। ਮੈਂ ਤਾਂ ਇਹ ਕਹਿਣ ਆਇਆ ਹਾਂ, ਸਰ, ਤੁਸੀਂ ਖ਼ੁਦ ਪੀਏਯੂ ਤੋਂ ਆਏ ਹੋ। ਜੇ ਤੁਹਾਡੇ ਹੁੰਦਿਆਂ ਸਾਡੀ ਡਿਗਰੀ ਰਿਕੋਗਨਾਈਜ਼ ਨਹੀਂ ਹੁੰਦੀ ਤਾਂ ਕਦੇ ਵੀ ਨਹੀਂ ਹੋਵੇਗੀ। ਬਸ, ਮੈਂ ਇਨੀ ਹੀ ਬੇਨਤੀ ਕਰਨੀ ਸੀ।’’
ਮੇਰੀ ਗੱਲ ਸੁਣਕੇ ਡਾ. ਜੌਹਲ ਮੁਸਕਰਾ ਪਏ ਅਤੇ ਮੈਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ। ਮੈਂ ਇਸ ਵਿਸ਼ਵਾਸ ਨਾਲ ਵੀ.ਸੀ. ਸਾਹਿਬ ਦੇ ਘਰੋਂ ਆ ਗਿਆ ਕਿ ਮੇਰੀ ਗੱਲ ਮੰਨੀ ਜਾ ਚੁੱਕੀ ਹੈ ਅਤੇ ਬਾਅਦ ਵਿੱਚ ਮੈਂ ਵੇਖਿਆ ਕਿ ਮੇਰਾ ਵਿਸ਼ਵਾਸ ਠੀਕ ਹੀ ਸੀ ਅਤੇ ਮੇਰਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਸੀ। – ਚਲਦਾ