ਸ੍ਰੀ ਅਨੰਦਪੁਰ ਸਾਹਿਬ, 18 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਸਾਈਕਲਿੰਗ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਲਈ ਜਾਗਰੂਕ ਕਰ ਰਹੀ ਹੈ, ਨੇਂ ਇਸ ਮਿਸ਼ਨ ਨੂੰ ਰੂਪਨਗਰ ਜਿਲ੍ਹੇ ਤੋਂ ਬਾਹਰ ਵੀ ਫੈਲਾਉਣ ਦੇ ਉਦੇਸ਼ ਨਾਲ ਮਿਸ਼ਨ ‘ਸਰਬੱਤ ਦਾ ਭਲਾ’ ਦੇ ਤਹਿਤ ਇੱਕ ਸਾਈਕਲ ਰੈਲੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਕੱਢੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸੈਣੀਂ ਅਤੇ ਸਕੱਤਰ ਅਜੇ ਬੈਂਸ ਨੇਂ ਦੱਸਿਆ ਕਿ ਇਹ ਸਾਈਕਲ ਰੈਲੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਵਿੱਚ ਦੀ ਹੁੰਦੀ ਹੋਈ ਸ਼੍ਰੀ ਦਰਬਾਰ ਸਾਹਿਬ ਪਹੁੰਚੇਗੀ। ਇਹ ਸਾਈਕਲ ਰੈਲੀ ਗੜ੍ਹਸ਼ੰਕਰ, ਕੋਟ ਫਤੂਹੀ, ਡੁਮੇਲੀ, ਕਰਤਾਰਪੁਰ ਆਦਿ ਸਥਾਨਾ ਤੇ ਲੋਕਾਂ ਨਾਲ ਰਾਬਤਾ ਬਣਾਉਦੇ ਹੋਏ ਅੱਗੇ ਵਧੇਗੀ। ਇਸ ਸਾਈਕਲ ਰੈਲੀ ਦਾ ਨਾਅਰਾ ਹੋਵੇਗਾ ‘ਧਰਤੀ ਮਾਂ, ਹਵਾ ਤੇ ਪਾਣੀ, ਪਲੀਤ ਕੀਤੇ ਤਾਂ ਖਤਮ ਕਹਾਣੀ। ਇਸ ਮੋਕੇ ਰਾਜ ਕੁਮਾਰ ਘਈ, ਪ੍ਰੋ ਰਾਜਬੀਰ ਸਿੰਘ, ਜਗਜੀਤ ਸਿੰਘ ਕੰਧੋਲਾ, ਨਰਿੰਦਰ ਸਿੰਘ ਬਾਸੋਵਾਲ, ਬਾਬਾ ਕੁਲਵਿੰਦਰ ਸਿੰਘ, ਅਰੁਣਜੀਤ ਸਿੰਘ, ਸੂਰਜਭਾਨ ਸਿੰਘ, ਕਮਲਦੀਪ ਸਿੰਘ, ਧਰਮਵੀਰ ਸਿੰਘ ਬੰਟੀ, ਦੀਦਾਰ ਸਿੰਘ ਭੰਗੜਾ ਕੋਚ ਆਦਿ ਹਾਜਰ ਸਨ।