ਅਮਲੋਹ, 18 ਦਸੰਬਰ (ਰਣਜੀਤ ਸਿੰਘ ਘੁੰਮਣ)-ਦੇਸ਼ ਭਗਤ ਯੂਨੀਵਰਸਿਟੀ ਵਲੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਉਪਰਾਲਾ ਯੂਨੀਵਰਸਿਟੀ ਵਲੋਂ ਭਾਸ਼ਾ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਸਮੂਹ ਸਹਿਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਕਵੀ ਦਰਬਾਰ ਦੌਰਾਨ ਉਘੇ ਸ਼ਾਇਰਾਂ ਅਤੇ ਕਵੀਆਂ ਨੇ ਭਾਗ ਲਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਯੂਨੀਵਰਸਿਟੀ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਸਹਿਤਕ ਰਚਨਾਵਾਂ ਇਕ ਅਨਮੋਲ ਖ਼ਜ਼ਾਨਾ ਹਨ ਅਤੇ ਇਹ ਸਾਡੇ ਲਈ ਪ੍ਰੇਰਣਾ ਦਾ ਸਰੋਤ ਵੀ ਹਨ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭ੍ਯਾਸ਼ਾ ਵਿਭਾਗ ਪੰਜਾਬ ਦੀ ਡਿਪਟੀ ਡਾਇਰੈਕਟਰ ਕਰਮਜੀਤ ਕੌਰ ਨੇ ਕਿਹਾ ਕਿ ਗੁਰੂ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਸਹਿਤਕ ਵਿਰਾਸਤ ਨੂੰ ਹੋਰ ਅਮੀਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਦਰਬਾਰ ਵਿਚ ਕਵੀਆਂ ਨੂੰ ਉਚ ਦਰਜਾ ਪ੍ਰਾਪਤ ਸੀ ਜਿਹੜਾ ਉਨ੍ਹਾਂ ਦੇ ਸਾਹਿਤ ਪ੍ਰੇਮ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਤੇ ਪ੍ਰਕਾਸ਼ਿਤ ਪੁਸਤਕ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਨੂੰ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਭਾਸ਼ਾ ਅਫ਼ਸਰ ਹਰਭਜਨ ਕੌਰ ਨੇ ਗੈਸਟ ਆਫ਼ ਆਨਰ ਵਜੋਂ ਭਾਗ ਲਿਆ ਅਤੇ ਗੁਰੂ ਜੀ ਦੇ ਸਹਿਤਕ ਪੱਖ ਉਤੇ ਚਾਨ੍ਹਣਾ ਪਾਇਆ।ਪ੍ਰੋ ਚਾਂਸਲਰ ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਕਵੀ ਦਰਬਾਰ ਦੌਰਾਨ ਸ੍ਰੋਮਣੀ ਸਾਹਿਤਕਾਰ ਸ. ਸੁਰਜੀਤ ਸਿੰਘ ਮਰਜਾਰਾ, ਜ਼ਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਦੀ ਜਨਰਲ ਸਕੱਤਰ ਪਰਮਜੀਤ ਕੌਰ ਸਰਹਿੰਦ, ਪੰਥਕ ਕਵੀ ਹਰਨੇਕ ਸਿੰਘ ਬਡਾਲੀ, ਅਜੀਤ ਸਿੰਘ ਮਾਨ, ਅਨੂਪ ਸਿੰਘ ਖਾਨਪੁਰੀ, ਉਪਕਾਰ ਸਿੰਘ ਦਿਆਲਪੁਰੀ, ਕਰਨੈਲ ਸਿੰਘ ਵਜੀਰਾਬਾਦ, ਰਘਵੀਰ ਵੜੈਚ, ਬੀਬਾ ਕੁਲਵੀਰ ਕੌਰ, ਬੀਬਾ ਗੁਰਪ੍ਰੀਤ ਕੌਰ ਡਡਹੇੜੀ, ਵੀਰਪਾਲ ਅਲਵੇਲਾ, ਮਹਿੰਦਰ ਕੈਂਥ, ਕੈਲਾਸ਼ ਅਮਲੋਹੀ, ਅਮਨਦੀਪ, ਜਸਵੀਰ ਜੱਸੀ, ਰਾਮ ਸਿੰਘ ਅਲਵੇਲਾ, ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ।ਕਵੀ ਦਰਬਾਰ ਦੌਰਾਨ ਸਟੇਜ ਸਕੱਤਰ ਦਾ ਜ਼ਿੰਮਾ ਸਨੇਹਇੰਦਰ ਸਿੰਘ ਮੀਲੂ ਨੇ ਸੰਭਾਲਿਆ। ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਨੇ ਸਮੂਹ ਮਹਿਮਾਨਾਂ ਦਾ ਯੂਨੀਵਰਸਿਟੀ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਰਜੀਤ ਪਥੇਜਾ, ਫੈਕਲਟੀ ਆਫ਼ ਐਜੂਕੇਸ਼ਨ, ਫੈਕਲਟੀ ਆਫ਼ ਆਯੁਰਵੇਦਾ ਐਂਡ ਰਿਸਰਚ, ਫੈਕਲਟੀ ਆਫ਼ ਨਰਸਿੰਗ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।