May 22, 2026 12:55 am

ਪਿੰਡ ਖਿੜਕੀਆਂਵਾਲਾ ਦੇ ਛੱਪੜ ਨੂੰ ਸਾਫ ਕਰਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 18 ਦਸੰਬਰ (ਵਿੱਕੀ ਝਾਂਬ)- ਇੱਥੋਂ ਨੇੜਲੇ ਪਿੰਡ ਖਿੜਕੀਆਂਵਾਲਾ ਦੇ ਵਿਚਕਾਰ ਇੱਕ ਵੱਡਾ ਛੱਪੜ ਹੈ, ਜੋ ਪਿੰਡ ਵੱਸਣ ਤੋਂ ਵੀ ਪਹਿਲਾਂ ਦਾ ਦੱਸਿਆ ਜਾਂਦਾ ਹੈ। ਇਹ ਛੱਪੜ ਕਰੀਬ ਕਈ ਏਕੜ ਜਮੀਨ ਵਿੱਚ ਬਣਿਆ ਹੋਇਆ ਹੈ। ਕਿਸੇ ਸਮੇਂ ਇਹ ਛੱਪੜ ਪਿੰਡ ਵਾਸੀਆਂ ਦੇ ਪਸ਼ੂਆਂ ਦੇ ਨਹਾਉਣ ਅਤੇ ਪਾਣੀ ਪੀਣ ਦਾ ਮੁਖ ਜਰੀਆ ਹੁੰਦਾ ਸੀ। 1980 ਵਿੱਚ ਇਸ ਇਲਾਕੇ ਵਿੱਚ ਸੇਮ ਆਉਣ ਕਾਰਨ ਇਸ ਛੱਪੜ ਦਾ ਪਾਣੀ ਵੀ ਖਰਾਬ ਹੋ ਗਿਆ। ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇੱਥੇ ਸਾਲਾਂ ਬੱਧੀ ਗੰਧਾ ਪਾਣੀ ਭਰਿਆ ਰਿਹਾ। ਵਰਤੋਂ ਵਿੱਚ ਨਾ ਆਉਣ ਕਰਕੇ ਉਸ ਪਾਣੀ ਵਿੱਚ ਜੰਗਲੀ ਬੂਟੀ ਅਤੇ ਸਰਕੰਢਾ ਆਦਿ ਉੱਗ ਪਿਆ। ਉਸ ਸਮੇਂ ਤੋਂ ਹੀ ਇਹ ਛੱਪੜ ਬਦਬੂਦਾਰ ਜੰਗਲ ਦਾ ਰੂਪ ਧਾਰਨ ਕਰ ਚੁਕਿਆ ਹੈ। ਇਸ ਵਿੱਚ ਖੜ੍ਹੇ ਪਾਣੀ ਦੀ ਬਦਬੂ ਕਾਰਨ ਆਸਪਾਸ ਦੇ ਘਰਾਂ ਨੂੰ ਨਰਕ ਬਣਾ ਦਿੰਦੀ ਹੈ। ਇਸ ਪਾਣੀ ਵਿੱਚ ਜਹਿਰੀਲੇ ਸੱਪ, ਮੱਖੀਆਂ, ਮੱਛਰ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਕੀੜੇਮਕੌੜੇ ਪੱਲਦੇ ਰਹਿੰਦੇ ਹਨ। ਸਰਕੰਢਿਆਂ ਵਿੱਚ ਪਾਣੀ ਦੇ ਆਸਪਾਸ ਰਹਿਣ ਵਾਲੇ ਜਾਨਵਰਾਂ ਨੇ ਆਪਣੇ ਆਲ੍ਹਣੇ ਬਣਾ ਰੱਖੇ ਹਨ, ਉਨ੍ਹਾਂ ਪੰਛੀਆਂ ਦਾ ਸ਼ੋਰ ਸ਼ਰਾਬਾਂ ਵੀ ਲੋਕਾਂ ਦੀ ਨੀਂਦ ਦਾ ਦੁਸ਼ਮਣ ਬਣਿਆ ਹੋਇਆ ਹੈ। ਬੀਤੇ 37 ਸਾਲਾਂ ਦੌਰਾਨ ਸਿਰਫ ਇੱਕ ਵਾਰ ਇਸ ਛੱਪੜ ਵਿੱਚੋਂ ਨਰੇਗਾ ਰਾਹੀਂ ਸਰਕਾਂਨਾ ਕਰਵਾਇਆ ਗਿਆ ਸੀ। ਪਰ ਹੁਣ ਪਹਿਲਾਂ ਨਾਲੋ ਵੀ ਛੱਪੜ ਦੀ ਹਾਲਤ ਮਾੜੀ ਹੋ ਚੁੱਕੀ ਹੈ। ਪਿੰਡ ਵਿੱਚ ਅਕਾਲੀ ਦਲ ਦਾ ਸਰਪੰਚ ਹੋਣ ਕਰਕੇ ਸਥਾਨਕ ਕਾਂਗਰਸੀ ਵਿਧਾਇਕ ਪਿੰਡ ਖਿੜਕੀਆਂਵਾਲੇ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਛੱਪੜ ਦੀ ਸਫਾਈ ਚੰਗੀ ਤਰ੍ਹਾਂ ਕਰਵਾਈ ਜਾਵੇ। ਜੇ.ਸੀ.ਬੀ ਮਸ਼ੀਨਾਂ ਰਾਹੀਂ ਛੱਪੜ ਦੀ ਗਾਰ ਨੂੰ ਅਤੇ ਸਰਕੰਢੇ ਨੂੰ ਬਾਹਰ ਘਡਾਇਆ ਜਾਵੇ ਅਤੇ ਛੱਪੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਨਵਾਂ ਪਾਣੀ ਭਰਵਾਇਆ ਜਾਵੇ ਤਾਂ ਕਿ ਉਹ ਪਸ਼ੂਆਂ ਦੇ ਕੰਮ ਆ ਸਕੇ।

Send this to a friend