ਅਕਾਲੀ-ਭਾਜਪਾ ਗੱਠਜੋੜ ਦਾ ਸਫਾਇਆ, ‘ਆਪ’ ਨੂੰ ਹੁੰਗਾਰਾ ਨਹੀਂ

ਚੰਡੀਗੜ੍ਹ, 17 ਦਸੰਬਰ- ਐਤਵਾਰ ਨੂੰ ਪੰਜਾਬ ਦੀਆਂ ਤਿੰਨ ਨਗਰ ਨਿਗਮਾਂ (ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ), 29 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਵਿੱਚ ਹੁਕਮਰਾਨ ਕਾਂਗਰਸ ਨੂੰ ਹੁੰਝਾ ਫੇਰੂ ਜਿੱਤ ਹਾਸਿਲ ਹੋਈ ਹੈ। ਕਈ ਸ਼ਹਿਰਾਂ ਵਿੱਚ ਇਹ ਚੋਣ ਲੜਾਈ ਇੱਕ ਪਾਸੜ ਹੀ ਰਹੀ। ਪਿਛਲੇ 10 ਸਾਲ ਤੋਂ ਜ਼ਿਆਦਾਤਰ ਨਗਰ ਪਾਲਿਕਾਵਾਂ ਉ¤ਪਰ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਦਾ ਇਨ੍ਹਾਂ ਚੋਣਾਂ ਵਿੱਚ ਲਗਭਗ ਸਫਾਇਆ ਹੋ ਗਿਆ ਹੈ। ਵੱਡੇ ਦਾਅਵੇ ਕਰ ਰਹੀ ਸੂਬੇ ਦੀ ਪ੍ਰਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੋਟਰਾਂ ਨੇ ਇੱਕ ਵਾਰ ਫਿਰ ਹੁੰਗਾਰਾ ਨਹੀਂ ਭਰਿਆ। ਬਹੁਤੇ ਸ਼ਹਿਰਾਂ ਵਿੱਚ ‘ਆਪ’ ਦਾ ਖਾਤਾ ਵੀ ਨਹੀਂ ਖੁੱਲ ਸਕਿਆ। ਨਗਰ ਪਾਲਿਕਾ ਚੋਣਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ। ਪਟਿਆਲਾ ਅਤੇ ਕੁਝ ਹੋਰ ਥਾਵਾਂ ਨੂੰ ਛੱਡ ਕੇ ਇਹ ਚੋਣਾਂ ਅਮਨ ਅਮਾਨ ਨਾਲ ਸਿਰੇ ਚੜ੍ਹ ਗਈਆਂ। ਇਸ ਮੌਕੇ ’ਤੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਰਦੀ ਦੇ ਬਾਵਜੂਦ ਵੋਟਰਾਂ ਨੇ ਉਤਸ਼ਾਹ ਨਾਲ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਿਆ। ਇਹ ਚੋਣਾਂ ਈਵੀਐਮ ਮਸ਼ੀਨਾਂ ਰਾਹੀਂ ਕਰਵਾਈਆਂ ਗਈਆਂ। ਵੋਟਾਂ ਦਾ ਕਾਰਜ ਮੁਕੰਮਲ ਹੋਣ ਤੋਂ ਫੌਰੀ ਬਾਅਦ ਗਿਣਤੀ ਦਾ ਕਾਰਜ ਸ਼ੁਰੂ ਹੋਇਆ। ਸ਼ੁਰੂਆਤੀ ਨਤੀਜੇ ਕਾਂਗਰਸ ਦੇ ਪੱਖ ਵਿੱਚ ਭੁਗਤੇ ਹਨ। ਤਿੰਨੇ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਵਿੱਚ ਵੀ ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ ਹੈ। ਪਟਿਆਲਾ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਦਰਮਿਆਨ ਹੋਏ ਹਿੰਸਕ ਟਕਰਾਅ ਕਾਰਨ ਅਕਾਲੀ ਦਲ ਨੇ ਬਾਅਦ ਵਿੱਚ ਇਨ੍ਹਾਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਅਕਾਲੀ ਦਲ ਦੀ ਹਾਈਕਮਾਨ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਪਟਿਆਲਾ ਵਿੱਚ ਮੁੜ ਚੋਣਾਂ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਮੁੱਲਾਪੁਰ ਦਾਖਾ ਵਿੱਚ ਸਾਬਕਾ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਕਾਂਗਰਸ ਦੀ ਕਥਿਤ ਜ਼ਿਆਦਤੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਨੇ ਚੋਣ ਕਮਿਸ਼ਨ ਦੀ ਵੀ ਅਲੋਚਨਾ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਪਾਲਿਕਾ ਚੋਣਾਂ ਦੌਰਾਨ ਕਮਿਸ਼ਨ ਦੀ ਭੂਮਿਕਾ ਪੱਖਪਾਤੀ ਰਹੀ ਹੈ।
ਨਤੀਜੇ ਇਸ ਤਰ੍ਹਾਂ ਰਹੇ-
ਜਲੰਧਰ ਨਗਰ ਨਿਗਮ ਦੇ 80 ਵਾਰਡਾਂ ਵਿੱਚੋਂ 66 ਵਾਰਡਾਂ ’ਚ ਕਾਂਗਰਸ ਜੇਤੂ ਰਹੀ ਹੈ। ਅਕਾਲੀ ਦਲ ਨੂੰ 4, ਭਾਜਪਾ ਨੂੰ 8 ਆਜ਼ਾਦਾਂ ਨੂੰ 2 ਅਤੇ ‘ਆਪ’ ਨੂੰ ਇੱਕ ਵਾਰਡ ਵਿੱਚ ਜਿੱਤ ਹਾਸਿਲ ਹੋਈ ਹੈ। ਪਟਿਆਲਾ ਵਿੱਚ 60 ਵਾਰਡਾਂ ’ਚੋਂ 45 ਕਾਂਗਰਸ ਨੇ ਜਿੱਤ ਲਏ ਹਨ। ਅੰਮ੍ਰਿਤਸਰ ਨਗਰ ਨਗਮ ’ਚ ਵੀ ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ। ਗਾਗਾ, ਗੋਰਾਇਆਂ, ਬਿਲਗਾ, ਸ਼ਾਹਕੋਟ, ਭੋਗਪੁਰ, ਮਲੌਦ, ਮਾਛੀਵਾੜਾ ਆਦਿ ਨਗਰ ਪੰਚਾਇਤਾਂ ’ਚ ਵੀ ਕਾਂਗਰਸ ਨੂੰ ਬਹੁਮਤ ਮਿਲ ਗਿਆ ਹੈ।