ਸ਼੍ਰੀ ਰਾਹੁਲ ਗਾਂਧੀ ਦੇ ਰਾਸ਼ਟਰੀ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਸੀ ਕਿ ਇਹ ਪਰਿਵਾਰਵਾਦ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਅਜਿਹੀ ਟਿੱਪਣੀ ਕਰਨ ਸਮੇਂ ਮੋਦੀ ਸਾਹਿਬ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਹ ਖੁਦ ਇਕ ਅਜਿਹੀ ਪਾਰਟੀ ਦੇ ਅਹੁਦੇਦਾਰ ਹਨ, ਜਿਸ ਵਿੱਚ ਸੰਘ ਦੇ ਮੁਖੀ ਦੀ ਮਰਜ਼ੀ ਤੋਂ ਬਿਨਾਂ ਪਤਾ ਵੀ ਨਹੀਂ ਹਿੱਲਦਾ। ਪੰਚਾਇਤ ਮੈਂਬਰ ਤੋਂ ਲੈ ਕੇ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕਰਨ ਲਈ ਪਾਰਟੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਦੇ ਇਸ਼ਾਰੇ ਦੀ ਉਡੀਕ ਕਰਦੀ ਰਹਿੰਦੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ 1925 ਵਿੱਚ ਹੋਈ ਸੀ ਅਤੇ ਆਪਣੀ ਸਥਾਪਨਾ ਸਮੇਂ ਸੰਘ ਨੇ ਸਿਆਸਤ ਤੋਂ ਦੂਰ ਰਹਿਣ ਦਾ ਨਿਰਣਾ ਲਿਆ ਸੀ ਪਰ ਇਹ ਫੈਸਲਾ 25 ਵਰ੍ਹੇ ਹੀ ਚਲ ਸਕਿਆ। 1950 ਵਿੱਚ ਸੰਘ ਨੇ ਸਿਆਸਤ ਵਿੱਚ ਦਖਲ ਦੇਣ ਦਾ ਫੈਸਲਾ ਕਰਕੇ ਆਪਣਾ ਸਿਆਸੀ ਸੰਗਠਨ ‘ਜਨਸੰਘ’ ਦੇ ਨਾਮ ਥੱਲੇ ਕਾਇਮ ਕਰ ਲਿਆ। ਐਮਰਜੈਂਸੀ ਤੋਂ ਬਾਅਦ ਇਹ ਜਨਸੰਘ ਭਾਰਤੀ ਜਨਤਾ ਪਾਰਟੀ ਵਿੱਚ ਤਬਦੀਲ ਹੋ ਗਈ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜਨਸੰਘ ਅਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਕੋਈ ਪ੍ਰਧਾਨ ਰਸਮੀ ਚੋਣ ਪ੍ਰਕ੍ਰਿਆ ਰਾਹੀਂ ਨਹੀਂ ਚੁਣਿਆ ਗਿਆ। ਜੋ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਿਆ ਉਹ ਸੰਘ ਪ੍ਰਮੁੱਖ ਦੀ ਮਰਜ਼ੀ ਨਾਲ ਹੀ ਬਣਿਆ। ਭਾਰਤੀ ਜਨਤਾ ਪਾਰਟੀ ਦੀ ਡਰਾਇਵਿੰਗ ਸੀਟ ਉਤੇ ਸੰਘ ਪ੍ਰਮੁੱਖ ਹੀ ਬੈਠਦਾ ਹੈ। ਕਮਾਲ ਤਾਂ ਇਹ ਹੈ ਕਿ ਸੰਘ ਦੀ ਦਖ਼ਲ ਅੰਦਾਜ਼ੀ ਹਰ ਪੱਧਰ ’ਤੇ ਹੁੰਦੀ ਹੈ। ਛੋਟੇ ਤੋਂ ਛੋਟੇ ਅਹੁਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਸਿਰਫ ਤੇ ਸਿਰਫ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੀ ਭੂਮਿਕਾ ਨਜ਼ਰ ਆਉਂਦੀ ਹੈ। ਇਹ ਗੱਲ ਵੀ ਸਪੱਸ਼ਟ ਹੈ ਕਿ ਜੇ ਕਦੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਪ੍ਰਧਾਨ ਨੇ ਜਿਨਹਾ ਨੂੰ ਸੈਕੂਲਰ ਕਹਿਣ ਦਾ ਹੌਂਸਲਾ ਕੀਤਾ ਤਾਂ ਉਸ ਨੂੰ ਪ੍ਰਧਾਨਗੀ ਤੋਂ ਹੱਥ ਧੋਣੇ ਪਏ। ਸੰਘ ਦੀਆਂ ਨੀਤੀਆਂ ਨਾਲ ਅਸਹਿਮਤੀ ਦੀ ਭਾਰਤੀ ਜਨਤਾ ਪਾਰਟੀ ਵਿੱਚ ਕੋਈ ਗੁੰਜਾਇਸ਼ ਨਹੀਂ ਹੈ।
ਕਾਂਗਰਸ ਉਪਰ ਪਰਿਵਾਰਵਾਦ ਦਾ ਦੋਸ਼ ਲਾਉਣ ਵਾਲੇ ਲੋਕਾਂ ਨੂੰ ਕਾਂਗਰਸ ਦਾ ਇਤਿਹਾਸ ਵੀ ਘੋਖ ਲੈਣਾ ਚਾਹੀਦਾ ਹੈ। ਕਾਂਗਰਸ ਦੇ ਇਤਿਹਾਸ ਵਿੱਚ ਕਈ ਅਜਿਹੇ ਮੌਕੇ ਆਏ ਹਨ ਜਦੋਂ ਪਾਰਟੀ ਦੇ ਵੱਡੇ ਅਹੁਦਿਆਂ ਲਈ ਚੋਣ ਹੋਈ ਹੈ। ਸ਼੍ਰੀਮਤੀ ਇੰਦਰਾ ਗਾਂਧੀ ਮੁਰਾਰਜੀ ਦੇਸਾਈ ਨੂੰ ਹਰਾ ਕੇ ਪ੍ਰਧਾਨ ਮੰਤਰੀ ਬਣੀ ਸੀ। ਉਂਜ ਇੰਦਰਾ ਗਾਂਧੀ ਪੰਡਤ ਨਹਿਰੂ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਬਣੀ ਅਤੇ ਰਾਜੀਵ ਗਾਂਧੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਸਨ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਜਿਉਂਦੇ ਜੀਅ ਆਪਣੀ ਕੁਰਸੀ ਆਪਣੇ ਪੁੱਤਰ ਸ਼੍ਰੀ ਰਾਹੁਲ ਗਾਂਧੀ ਲਈ ਛੱਡੀ ਹੈ। ਇਸ ਤੋਂ ਪਹਿਲਾਂ ਵੀ ਸ਼੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਤਿਆਗਕੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਲਿਆ ਸੀ। ਉਂਜ ਖੱਬੇਪੱਖੀ ਪਾਰਟੀਆਂ ਤੋਂ ਬਿਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਪਰਿਵਾਰਵਾਦ ਨਜ਼ਰੀਂ ਪੈਂਦਾ ਹੈ। ਜੰਮੂ-ਕਸ਼ਮੀਰ ਵਿੱਚ ਸ਼ੇਖ ਅਬਦੁਲਾ ਨੇ ਆਪਣੇ ਪੁੱਤ ਫਾਰੁਕ ਅਬਦੁਲਾ ਨੂੰ ਗੱਦੀ ਦਿੱਤੀ ਅਤੇ ਕਸ਼ਮੀਰ ਦਾ ਮੁੱਖ ਮੰਤਰੀ ਬਣਾਇਆ। ਪੰਜਾਬ ਵਿੱਚ ਤਾਂ ਬਾਦਲ ਪਰਿਵਾਰ ਹੈ ਹੀ ਪਰਿਵਾਰਵਾਦ ਦੀ ਵੱਡੀ ਉਦਾਹਰਣ। ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਅਤੇ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਦਿ ਸਭ ਇਕ ਪਰਿਵਾਰ ਦੇ ਮੈਂਬਰ ਹਨ। ਇਸ ਤਰ੍ਹਾਂ ਕੈਰੋਂ ਪਰਿਵਾਰ, ਸ. ਹਰਚਰਨ ਸਿੰਘ ਬਰਾੜ ਦਾ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਅਤੇ ਮਜੀਠੀਆ ਪਰਿਵਾਰ ਆਦਿ ਪਰਿਵਾਰਵਾਦੀ ਸੋਚ ਦੇ ਸੂਚਕ ਹਨ। ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਲੋਕ ਦਲ ਦਾ ਚੋਟਾਲਾ ਪਰਿਵਾਰ, ਕਾਂਗਰਸ ਦਾ ਹੁੱਡਾ ਪਰਿਵਾਰ ਅਤੇ ਇਸ ਤਰ੍ਹਾਂ ਭਜਨ ਲਾਲ ਅਤੇ ਬੰਸੀ ਲਾਲ ਦਾ ਪਰਿਵਾਰ ਵੀ ਸਿਆਸਤ ਵਿੱਚ ਪਰਿਵਾਰਵਾਦੀ ਪ੍ਰੰਪਰਾ ਨੂੰ ਜਾਰੀ ਰੱਖ ਰਹੇ ਹਨ।
ਉਤਰ ਪ੍ਰਦੇਸ਼ ਵਿੱਚ ਸ਼੍ਰੀ ਮੁਲਾਇਮ ਸਿੰਘ ਯਾਦਵ ਨੇ ਸ਼੍ਰੀ ਅਖਿਲੇਸ਼ ਯਾਦਵ ਨੂੰ ਮੁੱਖ ਮੰਤਰੀ ਬਣਾਇਆ। ਇਸ ਪਰਿਵਾਰ ਦੇ ਸਾਰੇ ਮੈਂਬਰ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਪਹੁੰਚੇ। ਬਿਹਾਰ ਵਿੱਚ ਸ਼੍ਰੀ ਲਾਲੂ ਪ੍ਰਸਾਦ ਯਾਦਵ ਨੇ ਆਪਣੀ ਪਤਨੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਇਆ ਅਤੇ ਆਪਣੇ ਦੋ ਪੁੱਤਰ ਵੀ ਸਿਆਸਤ ਵਿੱਚ ਅੱਗੇ ਕੀਤੇ। ਤਾਮਿਲਨਾਡੂ ਵਿੱਚ ਕਰੁਣਾਨਿਧੀ ਨੇ ਵੀ ਆਪਣੇ ਪੁੱਤਰਾਂ ਨੂੰ ਆਪਣਾ ਉਤਰਾਅਧਿਕਾਰੀ ਬਣਾਇਆ। ਗੱਲ ਕੀ ਹਿੰਦੋਸਤਾਨ ਵਿੱਚ ਤਕਰੀਬਨ ਹਰ ਪਾਰਟੀ ਵਿੱਚ ਪਰਿਵਾਰਵਾਦ ਨਜ਼ਰ ਆਉਂਦਾ ਹੈ।
ਸਿਆਸਤ ਦੀ ਕਮਾਲ ਵੇਖੋ ਜਿਸ ਪਰਿਵਾਰ ਬਾਰੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਹੈ, ਉਸੇ ਪਰਿਵਾਰ ਦੀ ਨੂੰਹ ਸ਼੍ਰੀਮਤੀ ਮੇਨਕਾ ਗਾਂਧੀ ਉਨ੍ਹਾਂ ਦੀ ਕੈਬਨਿਟ ਵਿੱਚ ਮੰਤਰੀ ਹਨ ਅਤੇ ਰਾਹੁਲ ਗਾਂਧੀ ਦਾ ਚਚੇਰਾ ਭਰਾ ਵਰੁਣ ਗਾਂਧੀ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦ ਮੈਂਬਰ ਹੈ। ਪਰਿਵਾਰ ਦੀ ਇਕ ਹੋਰ ਉਦਾਹਰਣ ਜੋ ਭਾਰਤੀ ਜਨਤਾ ਪਾਰਟੀ ਵਿੱਚ ਮਿਲਦੀ ਹੈ, ਉਹ ਹੈ ਰਵੀ ਸ਼ੰਕਰ ਪ੍ਰਸਾਦ ਦੀ, ਰਵੀ ਸ਼ੰਕਰ ਦੇ ਪਿਤਾ ਠਾਕੁਰ ਪ੍ਰਸ਼ਾਦ ਬਿਹਾਰ ਵਿੱਚ ਮੰਤਰੀ ਸੀ। ਇਸ ਤਰ੍ਹਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਪਿਤਾ ਵੇਦ ਪ੍ਰਕਾਸ਼ ਗੋਇਲ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਮੰਤਰੀ ਸਨ। ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਿਆਣ ਸਿੰਘ ਦੇ ਪੁੱਤਰ ਰਣਬੀਰ ਸਿੰਘ ਸੰਸਦ ਮੈਂਬਰ ਹਨ ਅਤੇ ਦੋਹਤਾ ਸੰਦੀਪ ਸਿੰਘ ਵਿਧਾਇਕ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਪੰਕਜ ਸਿੰਘ ਭਾਜਪਾ ਦਾ ਐਮ.ਐਲ.ਏ. ਹੈ। ਵਿਜਯ ਰਾਏ ਸਿੰਧੀਆ ਦੀ ਬੇਟੀ ਵੰਸੁੰਧਰਾ ਰਾਜੇ ਰਾਜਸਥਾਨ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ਅਤੇ ਯਸ਼ੋਧਰਾ ਰਾਜੇ ਮੱਧ ਪ੍ਰਦੇਸ਼ ਵਿੱਚ ਮੰਤਰੀ ਹੈ।
ਇਹ ਸੂਚੀ ਹੋਰ ਵੀ ਲੰਬੀ ਹੋ ਸਕਦੀ ਹੈ ਪਰ ਇਹ ਗੱਲ ਸਪੱਸ਼ਟ ਕਰਨ ਲਈ ਕਿ ਪਰਿਵਾਰਵਾਦ ਸਿਰਫ ਕਾਂਗਰਸ ਵਿੱਚ ਹੀ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਵਿੱਚ ਵੀ ਹੈ, ਉਕਤ ਉਦਾਹਰਣਾਂ ਕਾਫੀ ਹਨ। ਪ੍ਰਧਾਨ ਮੰਤਰੀ ਨੂੰ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪਾਰਟੀ ਦੀ ਪੜਚੋਲ ਕਰ ਲੈਣੀ ਚਾਹੀਦੀ ਸੀ। ਉਂਜ ਇਹ ਰੁਝਾਨ ਕਿਸੇ ਵੀ ਲੋਕਤੰਤਰ ਲਈ ਚੰਗਾ ਨਹੀਂ ਹੁੰਦਾ ਪਰ ਕੀ ਕੀਤਾ ਜਾਵੇ ਜਦੋਂ ਇਹ ਪੁੱਤਰ-ਮੋਹ ਹਿੰਦੋਸਤਾਨ ਦੇ ਖੂਨ ਵਿੱਚ ਹੈ।