June 26, 2026 8:15 pm

ਕਤਲੇਆਮ ਦੀ ਯਾਦਗਾਰ ਕਾਇਮ ਕਰਨ ਦਾ ਵਿਰੋਧ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਕੀਤਾ : ਸਰਨਾ

image ਨਵੀਂ ਦਿੱਲੀ, 15 ਜਨਵਰੀ (ਪੀ.ਟੀ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਮੂਲੋਂ ਹੀ ਨਕਾਰਦਿਆਂ ਦਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਨਵੰਬਰ-84 ਦੇ ਕਤਲੇਆਮ ਦੀ ਯਾਦਗਾਰ ਕਾਇਮ ਕਰਨ ਦਾ ਵਿਰੋਧ, ਕਿਸੇ ਨੂੰ ਖੁਸ਼ ਕਰਨ ਜਾਂ ਕਿਸੇ ਦੀ ਖੁਸ਼ਨੂਦੀ ਹਾਸਲ ਕਰਨ ਲਈ ਨਹੀਂ, ਸਗੋਂ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਨੂੰ ਮੁਖ ਰਖਕੇ ਕੀਤਾ ਸੀ, ਜੋ ਅਗੋਂ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦਸਿਆ ਕਿ ਜਦੋਂ ਉਨ੍ਹਾਂ ਸ੍ਰੀ ਅਕਾਲ ਤਖਤ ਤੋਂ ਮਿਲੇ ਸਦੇ ਤੇ ਉਥੇ ਹਾਜ਼ਰ ਹੋ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਵੰਬਰ-84 ਦੇ ਕਤਲੇਆਮ ਦੀ ਯਾਦਗਾਰ ਬਣਾਏ ਜਾਣ ਦੇ ਆਪਣੇ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧ ਵਿੱਚ ਆਪਣਾ ਪੱਖ ਪੇਸ਼ ਕੀਤਾ ਸੀ ਤਾਂ ਉਸ ਸਮੇਂ ਸਿੰਘ ਸਾਹਿਬਾਨ ਨੇ ਵੀ ਉਨ੍ਹਾਂ ਨਾਲ ਸਹਿਮਤੀ ਪ੍ਰਗਟ ਕੀਤੀ ਸੀ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਇਹ ਮੁਖੀ, ਜੋ ਗੁਰਦੁਆਰਾ ਰਕਾਬ ਗੰਜ ਵਿਖੇ ਹੀ ਇਹ ਯਾਦਗਾਰ ਬਣਾਏ ਜਾਣ ਤੇ ਬਜ਼ਿਦ ਹਨ, ਨਾ ਕੇਵਲ ਗੁਰ-ਇਤਿਹਾਸ ਤੋਂ ਹੀ ਕੋਰੇ ਹਨ, ਸਗੋਂ ਉਨ੍ਹਾਂ ਨੂੰ ਨਾ ਤਾਂ ਸਿੱਖੀ ਦੀਆਂ ਧਾਰਮਕ ਮਾਨਤਾਵਾਂ ਦਾ ਗਿਆਨ ਹੈ ਅਤੇ ਨਾ ਹੀ ਧਾਰਮਕ ਪਰੰਪਰਾਵਾਂ ਤੇ ਮਰਿਆਦਾਵਾਂ ਦਾ ਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸੋਚ ਕੇਵਲ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਦੇ ਦੁਆਲੇ ਹੀ ਘੁੰਮਦੀ ਹੈ। ਸ. ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਪਵਿਤ੍ਰ ਯਾਦਗਾਰ, ਗੁਰਦੁਆਰਾ ਰਕਾਬ ਗੰਜ ਦੇ ਕੰਪਲੈਕਸ ਵਿੱਚ ਨਵੰਬਰ-84 ਦੇ ਕਤਲੇਆਮ ਦੀ ਯਾਦਗਾਰ ਬਣਾਇਆ ਜਾਣਾ, ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੁਟਿਆਣ ਦੀ ਕੋਝੀ ਸਾਜ਼ਿਸ਼ ਹੈ, ਜਿਸਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਦਸਿਆ ਕਿ ਉਹ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦੇ ਹਕ ਵਿੱਚ ਹਨ ਅਤੇ ਇਸਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵੀ ਤਿਆਰ ਹਨ। ਪਰ ਉਹ ਇਹ ਚਾਹੁੰਦੇ ਹਨ ਕਿ ਇਹ ਯਾਦਗਾਰ ਕਿਸੇ ਇਤਿਹਾਸਕ ਗੁਰਦੁਆਰੇ ਦੇ ਕੰਪਲੈਕਸ ਵਿੱਚ ਬਣਾਏ ਜਾਣ ਦੀ ਬਜਾਏ, ਬਾਹਰ ਕਿਸੇ ਹੋਰ ਥਾਂ ਬਣਾਈ ਜਾਏ।ਸ. ਸਰਨਾ ਨੇ ਪਟਨਾ ਸਾਹਿਬ ਵਿਖੇ ਹੋਈ ਮੰਦਭਾਗੀ ਘਟਨਾ ਨੂੰ ਲੈ ਕੇ ਦਿਲੀ ਕਮੇਟੀ ਦੇ ਜਨਰਲ ਸਕਤੱਰ ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣੇ, ਆਪਣੇ ਭਰਾ ਤੇ ਸਾਥੀਆਂ ਪੁਰ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਇਨ੍ਹਾਂ, ਬਾਦਲਕਿਆਂ ਨੂੰ ਅਜੇ ਵੀ ਉਨ੍ਹਾਂ ਦਾ ਡਰ ਕਿਉਂ ਖਾਈ ਜਾ ਰਿਹਾ ਹੈ, ਜਦਕਿ ਉਨ੍ਹਾਂ ਦਾ ਗੁਰਦੁਆਰਾ ਕਮੇਟੀ ਜਾਂ ਉਨ੍ਹਾਂ ਦੇ ਨਿਜੀ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਅਸਲ ਵਿੱਚ ਇਨ੍ਹਾਂ ਨੂੰ ਆਪਣਾ ਹੀ ਪਾਲਾ ਮਾਰ ਰਿਹਾ ਹੈ। ਸ. ਸਰਨਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਮੁਖ ਰੂਪ ਵਿੱਚ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਹੀ ਜ਼ਿਮੇਂਦਾਰ ਹਨ, ਜੋ ਕੁਝ ਸਿੱਖੀ-ਵਿਰੋਧੀ ਵਿਅਕਤੀਆਂ, ਜਿਨ੍ਹਾਂ ਦਾ ਉਹ ਇਥੇ ਨਾਂ ਨਹੀਂ ਲੈਣਾ ਚਾਹੁੰਦੇ, ਵਲੋਂ ਗੁਮਰਾਹ ਕਰ ਦਿੱਤੇ ਗਏ ਸਨ। ਉਨ੍ਹਾਂ ਦਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਆਖਿਰ ਸਾਰੇ ਹਾਲਾਤ ਨੂੰ ਸਮਝ, ਅਗਲੇ ਹੀ ਦਿਨ ਪ੍ਰਬੰਧਕ ਕਮੇਟੀ ਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ, ਉਸਨੂੰ ਸਵੀਕਾਰ ਕਰ ਲਿਆ ਸੀ। ਪ੍ਰੰਤੂ ਇਹ ਗਲ ਉਨ੍ਹਾਂ ਲੋਕਾਂ ਨੂੰ ਚੰਗੀ ਨਹੀਂ ਲਗੀ, ਜੋ ਸਿੱਖਾਂ ਦੇ ਪਵਿਤ੍ਰ ਧਰਮ ਅਸਥਾਨਾਂ ਦੀ ਮਾਣ-ਮਰਿਆਦਾ ਪੁਰ ਸੱਟ ਮਾਰ ਸਿੱਖੀ ਦੇ ਦੁਸ਼ਮਣਾਂ ਦਾ ਸੁਆਰਥ ਪੂਰਿਆਂ ਕਰ ਆਪਣੀਆਂ ਰਾਜਸੀ ਰੋਟੀਆਂ ਸੇਂਕਣਾ ਚਾਹੁੰਦੇ ਹਨ। ਫਲਸਰੂਪ ਉਨ੍ਹਾਂ ਮੁੜ ਗਿਆਨੀ ਇਕਬਾਲ ਸਿੰਘ ਨੂੰ ਗੁਮਰਾਹ ਕਰ ਦਿਤਾ ਅਤੇ ਉਹ ਉਨ੍ਹਾਂ ਵਲੋਂ ਪੈਦਾ ਕੀਤੇ ਭੁਲੇਖਿਆਂ ਦਾ ਸ਼ਿਕਾਰ ਹੋ, ਆਪ ਹੀ ਸਵੀਕਾਰ ਕੀਤੇ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹੋ ਗਏ।

Send this to a friend