May 24, 2026 3:08 am

ਸੁਨੀਲ ਜਾਖੜ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼

ਬਟਾਲਾ, 15 ਦਸੰਬਰ (ਅਰਵਿੰਦਰ ਸਿੰਘ ਮਠਾਰੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਵਜੋਂ ਆਪਣੇ ਅਹੁਦੇ ਦੇ ਭੇਦ ਗੁਪਤ ਰੱਖਣ ਦਾ ਹਲਫ਼ ਲਿਆ। ਉਨ੍ਹਾਂ ਨੇ ਆਪਣੇ ਸੂਬੇ ਪੰਜਾਬ ਦੀ ਭਾਸ਼ਾ ਦੇ ਸਤਿਕਾਰ ਵਜੋਂ ਪੰਜਾਬੀ ਵਿਚ ਸਹੁੰ ਚੁੱਕੀ। ਇਸ ਤੋਂ ਬਾਅਦਸ੍ਰੀ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਇਸ ਮੰਦਰ ਵਿਚ ਆਪਣੇ ਹਲਕੇ ਗੁਰਦਾਸਪੁਰ ਦੇ ਨਾਲ ਪੰਜਾਬ ਅਤੇ ਕੌਮੀ ਪੱਧਰ ਦੇ ਵੀ ਮਹੱਤਵਪੂਰਨ ਮੁੱਦੇ ਵੀ ਉਠਾਉਣਗੇ ਤਾਂ ਜੋ ਉਹ ਉਨ੍ਹਾਂ ਲੋਕਾਂ ਦੀ ਅਵਾਜ਼ ਬਣ ਸਕਣ ਜਿੰਨ੍ਹਾਂ ਨੇ ਚੁਣ ਕੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਿਵਚ ਹਾਂ ਪੱਖੀ ਪਹੁੰਚ ਲੈ ਕੇ ਚੱਲਣਗੇ ਤਾਂ ਜੋ ਇੱਥੇ ਵਿਚਾਰ ਕੇ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਰਾਹ ਤਲਾਸੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਵਲ ਰਾਜਨੀਤੀ ਕਰਨਾ ਨਹੀਂ ਬਲਕਿ ਦੇਸ਼ ਦੇ ਅਵਾਮ ਦੀ ਬਿਹਤਰੀ ਲਈ ਕੁਝ ਕਰਨਾ ਉਨ੍ਹਾਂ ਦਾ ਉਦੇਸ਼ ਹੈ। ਕਿਸਾਨ ਦੇ ਟਰੈਕਟਰ ਨੂੰ ਵਪਾਰਕ ਵਹਿਕਲ ਘੋਸ਼ਿਤ ਕਰਨ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਤੇ ਕਿਸੇ ਵੀ ਕਿਸਮ ਦਾ ਹੋਰ ਬੋਝ ਪਾਉਣ ਦਾ ਡੱਟ ਕੇ ਵਿਰੋਧ ਕਰੇਗੀ। ਦੇਸ਼ ਦਾ ਕਿਸਾਨ ਹੋਰ ਵਿੱਤੀ ਬੋਝ ਸਹਿਨ ਕਰਨ ਦੀ ਸਥਿਤੀ ਵਿਚ ਨਹੀਂ ਹੈ। ਪੰਜਾਬ ਦੀਆਂ ਸਥਾਨਕ ਸਰਕਾਰਾਂ ਚੋਣਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਿੱਛਲੇ 10 ਸਾਲ ਤੋਂ ਪੰਜਾਬ ਵਿਚ ਜਬਰ ਦਾ ਦੂਜਾ ਨਾਂਅ ਬਣਿਆ ਹੋਇਆ ਸੀ। ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਇਤਰਾਜਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਏਮਜ ਸਥਾਪਨਾ ਵਿਚ ਕੋਈ ਰੁਕਾਵਟ ਪਾਉਣ ਦਾ ਸੁਆਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਨ.ਓ.ਸੀ. ਜਾਰੀ ਕਰਨ ਵਿਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਪਿੱਛਲੀ ਸਰਕਾਰ ਇਸ ਪ੍ਰੋਜੈਕਟ ਸਬੰਧੀ ਕਈ ਮਸਲੇ ਇਸ ਤਰਾਂ ਉਲਝਾ ਕੇ ਗਈ ਹੈ ਕਿ ਉਨ੍ਹਾਂ ਨੂੰ ਸੁਲਝਾਉਣ ਵਿਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਵਿਕਾਸ ਮੁਖੀ ਹੈ। ਇਸ ਤੋਂ ਪਹਿਲਾਂ ਸੰਸਦ ਭਵਨ ਪੁੱਜਣ ਤੇ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਅਤੇ ਯੂਥ ਕਾਂਗਰਸ ਆਗੂ ਸ੍ਰੀ ਰੰਜਮਕਾਮਰਾ ਨੇ ਸ੍ਰੀ ਜਾਖੜ ਨੂੰ ਜੀ ਆਇਆ ਨੂੰ ਆਖਿਆ ਅਤੇ ਨਵੀਂ ਸਿਆਸੀ ਪਾਰੀ ਦੀਆਂ ਸੁਭਕਾਮਨਾਵਾਂ ਦਿੱਤੀਆਂ।

Send this to a friend