ਪ੍ਰਾਜੈਕਟ ਨਾਲ ਰੁਜ਼ਗਾਰ ਦੇ ਮੌਕੇ ਅਤੇ ਆਮਦਨ ਵਿੱਚ ਵਾਧਾ ਹੋਵੇਗਾ
ਕਪੂਰਥਲਾ, 14 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਈ.ਟੀ.ਸੀ. ਕੰਪਨੀ ਦੇ ਆਲ੍ਹਾ ਦਰਜੇ ਦੇ ਇੰਟੇਗ੍ਰੇਟਿਡ ਮੈਨੂਫੈਕਚਰਿੰਗ ਐਂਡ ਲੌਜਿਸਟਿਕ ਫੈਸਿਲਟੀ ਦਾ ਉਦਘਾਟਨ ਕੀਤਾ ਜਿਸ ਨਾਲ ਸੂਬੇ ਦੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ-ਨਾਲ ਸੰਕਟ ’ਚੋਂ ਗੁਜ਼ਰ ਰਹੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ। ਵਿਸ਼ਵ ਪੱਧਰ ਦਾ ਇਹ ਪ੍ਰਾਜੈਕਟ ਲਗਪਗ 72 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਸ਼ੁਰੂਆਤ ਵਿੱਚ ਲਗਪਗ 1500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਯੂਨਟਿ ਵਿੱਚ ਆਈ.ਟੀ.ਸੀ. ਵੱਲੋਂ ‘ਅਸ਼ੀਰਵਾਦ’, ‘ਬਿੰਗੋ’, ‘ਸਨਫੀਸਟ’, ‘ਯਿਪੀ’ ਅਤੇ ‘ਬੀ-ਨੈਚੁਰਲ’ ਵਰਗੀਆਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕੀਤੀ ਜਾਇਆ ਕਰਨਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਜਿੱਥੇ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ, ਉਥੇ ਹੀ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਕਣਕ-ਝੋਨੇ ਦੀ ਪੈਦਾਵਾਰ ਵਿੱਚ ਕੌਮੀ ਪੱਧਰ ’ਤੇ ਸੂਬੇ ਦੇ ਰਿਕਾਰਡ ਯੋਗਦਾਨ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵੰਨ-ਸੁਵੰਨਤਾ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਲਈ ਆਈ.ਟੀ.ਸੀ. ਬਹੁਤ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਇਸ ਪ੍ਰਾਜੈਕਟ ਦੇ ਚਾਲੂ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਕਣਕ-ਝੋਨੇ ਦੀਆਂ ਰਵਾਇਤੀ ਫਸਲਾਂ ਤੋਂ ਵੱਧ ਮੁਨਾਫ਼ੇ ਵਾਲੀਆਂ ਫਸਲਾਂ ਵੱਲ ਮੋੜਣ ਵਿੱਚ ਸਹਾਇਤਾ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਨਾ ਸਿਰਫ ਸੂਬੇ ਦੀ ਉਪਜਾਊ ਜ਼ਮੀਨ ਅਤੇ ਜਲ ਵਸੀਲਿਆਂ ਨੂੰ ਬਚਾਉਣ ਵਿੱਚ ਸਹਾਈ ਹੋਣਗੇ ਸਗੋਂ ਖੇਤੀ ਆਮਦਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਈ.ਟੀ.ਸੀ. ਗਰੁੱਪ ਵੱਲੋਂ ਪੰਜਾਬ ਵਿੱਚ ਹੋਟਲ ਕਾਰੋਬਾਰ ਦਾ ਵੀ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਪ੍ਰਾਜੈਕਟ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਦਿਆਂ ਆਈ.ਟੀ.ਸੀ. ਦੇ ਸੀ.ਈ.ਓ. ਸੰਜੀਵ ਪੁਰੀ ਨੇ ਕਿਹਾ ਕਿ ਕੰਪਨੀ ਨੂੰ ਛੇਤੀ-ਛੇਤੀ ਪ੍ਰਵਾਨਗੀਆਂ ਮਿਲਣ ਸਦਕਾ ਹੀ ਇਹ ਪਲਾਂਟ ਰਿਕਾਰਡ ਸਮੇਂ ਵਿੱਚ ਮੁਕੰਮਲ ਹੋਇਆ। ਸ੍ਰੀ ਪੁਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸੂਬਾ ਭਰ ਵਿੱਚ ਖੇਤੀ ’ਤੇ ਨਿਰਭਰ ਲੋਕਾਂ ਲਈ ਲਾਭਦਾਇਕ ਹੋਵੇਗਾ ਅਤੇ ਇਸ ਨਾਲ ਖੇਤੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਇਜਾਫ਼ਾ ਹੋਣ ਦੇ ਨਾਲ-ਨਾਲ ਕਈ ਪੱਖਾਂ ਤੋਂ ਸੂਬੇ ਦੀ ਆਰਥਿਕਤਾ ਨੂੰ ਵੀ ਫਾਇਦਾ ਪਹੁੰਚੇਗਾ। ਇਸ ਮੌਕੇ ਬਿਜਲੀ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਖ਼ਤ ਜਦੋ-ਜਹਿਦ ਕਰ ਰਹੀ ਹੈ ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਨਵਤੇਜ ਸਿੰਘ ਚੀਮਾ, ਰਮਨਜੀਤ ਸਿੰਘ ਸਿੱਕੀ ਅਤੇ ਅਮਰਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਅਤੇ ਰਾਜਬੰਸ ਕੌਰ ਰਾਣਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਕੱਤਰ ਉਦਯੋਗ ਰਾਕੇਸ਼ ਵਰਮਾ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ, ਆਈ.ਜੀ.ਪੀ. ਅਰਪਿਤ ਸ਼ੁਕਲਾ, ਡੀ.ਆਈ.ਜੀ. ਜਸਕਰਨ ਸਿੰਘ, ਐਸ.ਐਸ.ਪੀ. ਸਨਦੀਪ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸ਼ਾਮਲ ਸਨ।