ਨਵੀਂ ਦਿੱਲੀ, 14 ਜਨਵਰੀ (ਪੀ.ਟੀ.)-ਕਾਂਗਰਸ ਦੇ ਦੂਜੇ ਨੰਬਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਆਉਣ ਵਾਲੇ ਕੁਝ ਦਿਨਾਂ ’ਚ ਯੂ.ਪੀ.ਏ. ਵੱਲੋਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਸਕਦੇ ਹਨ। 17 ਜਨਵਰੀ ਨੂੰ ਕਾਂਗਰਸ ਕਮੇਟੀ ਦੀ ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਹੈ ਕਿ ਉਹ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਜੇਕਰ ਪਾਰਟੀ ਇਹ ਤੈਅ ਕਰਦੀ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਇਆ ਜਾਵੇ ਤਾਂ ਉਹ ਇਸ ਜ਼ਿੰਮੇਵਾਰੀ ਤੋਂ ਵੀ ਪਿੱਛੇ ਨਹੀਂ ਹਟਣਗੇ। ਇੰਟਰਵਿਊ ’ਚ ਰਾਹੁਲ ਨੇ ਇਹ ਗ¤ਲ ਵੀ ਸਾਫ਼ ਕੀਤੀ ਕਿ ਪ੍ਰਿਅੰਕਾ ਗਾਂਧੀ ਦੀ ਕੋਈ ਚੋਣਾਵੀ ਭੂਮਿਕਾ ਨਹੀਂ ਹੋਵੇਗੀ। ਰਾਹੁਲ ਨੇ ਇਸ ਇਲਜ਼ਾਮ ਨੂੰ ਵੀ ਖਾਰਜ ਕਰ ਦਿੱਤਾ ਕਿ ਸਾਥੀ ਪਾਰਟੀਆਂ ਕਾਂਗਰਸ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਦਿੱਲੀ ਚੋਣ ’ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਸਬਕ ਲੈਣ ਦੀ ਗੱਲ ਕਹਿਣ ਵਾਲੇ ਰਾਹੁਲ ਨੇ ਇੰਟਰਵਿਊ ’ਚ ਕਿਹਾ ਕਿ ਦਰਅਸਲ ਆਮ ਆਦਮੀ ਪਾਰਟੀ ਕਾਂਗਰਸ ਦੇ ਚੁੱਕੇ ਮੁੱਦਿਆਂ ’ਤੇ ਹੀ ਅਮਲ ਕਰ ਰਹੀ ਹੈ ਪਰ ਉਹ ਆਮ ਆਦਮੀ ਪਾਰਟੀ ਦੇ ਤੌਰ-ਤਰੀਕਿਆਂ ਨਾਲ ਸਹਿਮਤ ਨਹੀਂ ਹਨ।