ਫਰੀਦਕੋਟ, 12 ਦਸੰਬਰ (ਗੁਰਜੀਤ ਰੋਮਾਣਾ)- ਬਾਗਬਾਨੀ ਵਿਭਾਗ ਫਰੀਦਕੋਟ ਵਿੱਚ ਬਾਗਬਾਨੀ ਫਸਲਾਂ ਦੇ ਵਿਕਾਸ ਲਈ ਫਲਾਂ, ਫੁਲਾਂ, ਸਬਜੀਆਂ ਅਤੇ ਖੁੰਬਾਂ ਅਧੀਨ ਵਧੇਰੇ ਰਕਬਾ ਲਿਆ ਕੇ ਪੰਜਾਬ ਸਰਕਾਰ ਦੀ ਖੇਤੀਬਾੜੀ ਵਿਚ ਫਸਲੀ ਵਭਿੰਨਤਾਂ ਲਿਆਉਣ ਦੀ ਨੀਤੀ ਤਹਿਤ ਕਾਰਜ ਕਰ ਰਿਹਾ ਹੈ ਅਤੇ ਬਾਗਬਾਨੀ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਬਾਗਬਾਨੀ ਵਿਭਾਗ ਵਲੋਂ ਜਿਮੀਦਾਰਾਂ ਨੂੰ ਨੈਟ ਹਾਊਸ ਤੇ ਪੌਲੀ ਹਾਊਸ ਵਿਚ ਮਿਆਰੀ ਕਿਸਮ ਦੀਆਂ ਸਬਜੀਆਂ ਦੀ ਆਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਧ ਤੋਂ ਵਧ ਮੁਨਾਫਾ ਕਮਾਇਆ ਜਾ ਸਕੇ। ਬਾਗਬਾਨੀ ਫਸਲਾਂ ਜਿਥੇ ਰਵਾਇਤੀ ਫਸਲਾਂ ਦਾ ਚੰਗਾ ਬਦਲ ਸਾਬਤ ਹੋ ਰਹੀਆਂ ਹਨ ਉਥੇ ਹੀ ਆਮਦਨ ਵਿਚ ਵਾਧਾ ਵੀ ਕਰ ਰਹੀਆਂ ਹਨ।ਉਨ੍ਹਾਂ ਦਸਿਆ ਕਿ ਲੋਕਾਂ ਨੂੰ ਘਰੇਲੂ ਬਗੀਚੀ ਦੇ ਮਹਤਵ ਤੋਂ ਜਾਣੂ ਕਰਵਾਉਣ ਲਈ ਬਾਗਬਾਨੀ ਵਿਭਾਗ ਨੇ ਇਸ ਸਾਲ ਜ਼ਿਲੇ ਵਿਚ ਗਰਮੀ ਅਤੇ ਸਰਦ ਰੁਤ ਦੀਆਂ 1600 ਸਬਜ਼ੀ ਬੀਜ ਕਿਟਾ ਅਤੇ 500 ਪੈਕੇਟ ਢਿੰਗਰੀ ਖੁੰਬਾਂ ਦੇ ਬੀਜ ਲੋਕਾਂ ਨੂੰ ਮਿਆਰੀ ਕੀਮਤ ਤੇ ਉਪਲਬਧ ਕਰਵਾਏ ਹਨ।ਉਨ੍ਹਾਂ ਦਸਿਆਂ ਕਿ ਖੁੰਭ ਉਤਪਾਦਨ ਨਾਲ ਜਿਥੇ ਪਰਾਲੀ ਅਤੇ ਤੂੜੀ ਦੀ ਯੋਗ ਵਰਤੋਂ ਹੋ ਸਕਦੀ ਹੈ ਉਥੇ ਹੀ ਇਹ ਸਵੈ ਰੁਜ਼ਗਾਰ ਦਾ ਵਧੀਆਂ ਸਾਧਨ ਵੀ ਹੈ। ਇਸ ਮੌਕੇ ਜ਼ਿਲ੍ਹਾ ਬਾਗਬਾਨੀ ਅਫ਼ਸਰ ਡਾ. ਨਰਿੰਦਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਡਾ. ਕਿਰਨਦੀਪ ਸਿੰਘ ਗਿਲ, ਡਾ ਨਵਦੀਪ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
1600 ਸਬਜ਼ੀ ਬੀਜ ਕਿੱਟਾਂ ਅਤੇ 500 ਪੈਕੇਟ ਢਿੰਗਰੀ ਖੁੰਬਾਂ ਦੇ ਬੀਜ ਲੋਕਾਂ ਨੂੰ ਲਾਗਤ ਮੁੱਲ ’ਤੇ ਕਰਵਾਏ ਉਪਲਬਧ : ਡੀ.ਸੀ.



