ਨਾਭਾ, 8 ਦਸੰਬਰ (ਕਰਮਜੀਤ ਸੋਮਲ, ਸਿਕੰਦਰ)- ਸਿੱਖਿਆ ਖੇਤਰ ਦਾ ਅਹਿਮ ਨਾਮ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 8 ਤੋਂ 10 ਦਸੰਬਰ ਤੱਕ ਰਾਊਂਡ ਸੁਕੇਅਰ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਰਾਊਂਡ ਸੁਕੇਅਰ ਇੱਕ ਅਜਿਹਾ ਮੰਚ ਹੈ ਜਿਸ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਵਿਚਾਰ ਚਰਚਾ ਕਰਦੇ ਹਨ ਅਤੇ ਸਰਹੱਦਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਮੰਚ ਤੇ ਇਕੱਠੇ ਹੁੰਦੇ ਹਨ। ਇਸ ਵਾਰ ਪੀ.ਪੀ.ਐਸ. ਨਾਭਾ ਵਿਖੇ ਰਾਊਂਡ ਸੁਕੇਅਰ ਸਮਾਗਮਾਂ ਵਿੱਚ ਚੋਟੀ ਦੇ ਸਕੂਲ ਹਿੱਸਾ ਲੈ ਰਹੇ ਹਨ। ਜਿੰਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਇੰਡੀਅਨ ਹਾਈ ਸਕੂਲ ਦੁਬਈ, ਦ ਇੰਡੀਅਨ ਸਕੂਲ ਓਮਾਨ, ਚੀਟਾ ਗੌਂਗ ਗਰਾਮਰ ਸਕੂਲ ਬੰਗਲਾਦੇਸ਼, ਬਿਰਲਾ ਪਬਲਿਕ ਸਕੂਲ ਪਿਲਾਨੀ, ਬੰਗਲੌਰ ਪਬਲਿਕ ਸਕੂਲ, ਪਾਥਵੇਅ ਵਰਲਡ ਸਕੂਲ ਗੁੜਗਾਉਂ, ਸੰਸਕਾਰ ਵੈਲੀ ਸਕੂਲ ਭੋਪਾਲ, ਦੂਨ ਅਤੇ ਵੇਲਹਮ ਸਕੂਲ ਦੇਹਰਾਦੂਨ, ਮਿਓ ਕਾਲਜ ਅਜਮੇਰ ਆਦਿ। ਇਨ੍ਹਾਂ ਆਉਣ ਵਾਲੇ ਤਿੰਨ ਦਿਨਾਂ ਵਿੱਚ ਵਿਦਿਆਰਥੀ ਇੱਕ ਮੰਚ ਤੇ ਇਕੱਠੇ ਹੋ ਕੇ ਵਿਚਾਰ ਚਰਚਾ ਕਰਨਗੇ। ਅੱਜ ਸਕੂਲ ਆਉਡੀਟੋਰੀਅਮ ਵਿੱਚ ਰਾਊਂਡ ਸੁਕੇਅਰ ਕਾਨਫਰੰਸ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀ ਅਮਰ ਪ੍ਰਤਾਪ ਸਿੰਘ ਵਿਰਕ ਆਈ.ਏ.ਐਸ. ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਕੀਤੀ। ਕਾਨਫਰੰਸ ਦੇ ਪਹਿਲੇ ਸਪੀਕਰ ਕਰਨਲ ਕਰਮਿੰਦਰ ਸਿੰਘ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼ਾਮ ਨੂੰ ਬਾਹਰੋਂ ਆਏ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਰੰਗਲਾ ਪੰਜਾਬ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਪੰਜਾਬ ਦੇ ਸੱਭਿਆਚਾਰ ਤੋਂ ਜਾਣੂ ਹੋ ਸਕਣ। ਸਕੂਲ ਹੈਡਮਾਸਟਰ ਡਾ. ਜਗਪ੍ਰੀਤ ਸਿੰਘ ਨੇ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।
ਪੀ.ਪੀ.ਐਸ. ਦੇ ਵਿਹੜੇ ਲੱਗੀਆਂ ਰਾਊਂਡ ਸੁਕੇਅਰ ਕਾਨਫਰੰਸ ਦੀਆਂ ਰੌਣਕਾਂ



