Skip to content
Independent perspectives. Global stories.
BREAKING

ਪੰਜਾਬ ਕੈਬਿਨਟ ’ਚ ਵਾਧਾ 18 ਦਸੰਬਰ ਤੋਂ ਬਾਅਦ ਉਪ ਮੁੱਖ ਮੰਤਰੀ ਦੀ ਰਵਾਇਤ ਨਹੀਂ : ਕੈਪਟਨ

Share this story

ਅੰਮ੍ਰਿਤਸਰ, 7 ਦਸੰਬਰ (ਦਵਾਰਕਾ ਨਾਥ ਰਾਣਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਜਾਰਤ ਵਿੱਚ ਵਾਧਾ ਗੁਜਰਾਤ ਚੋਣਾਂ ਦੇ ਨਤੀਜੇ ਜੋ ਕਿ 18 ਦਸੰਬਰ ਨੂੰ ਆਉਣੇ ਹਨ ਬਾਅਦ ਕੀਤਾ ਜਾਵੇਗਾ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਲਗਾਉਣਾ ਕਾਂਗਰਸ ਦੀ ਰਵਾਇਤ ਨਹੀਂ ਹੈ। ਅੰਮ੍ਰਿਤਸਰ ਵਿਖੇ ਰਾਜ ਦੇ ਸ਼ਹਿਰੀ ਵਿਕਾਸ ਲਈ ਪਾਰਟੀ ਦੀ ਯੋਜਨਾਬੰਦੀ ਸਬੰਧੀ ਦਸਤਾਵੇਜ ਜਾਰੀ ਕਰਨ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਕਾਂਗਰਸ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵਿੱਚ ਅਸਫਲ ਹੋਈ ਹੈ। ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਿਨਟ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਅਤੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਦੀ ਹਾਜ਼ਰੀ ਵਿੱਚ ਸ਼ਹਿਰੀ ਵਿਕਾਸ ਨੂੰ ਲੈ ਕੇ ਪਾਰਟੀ ਦੇ ਵਿਜਨ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 8 ਮਹੀਨਿਆਂ ਵਿੱਚ ਸਾਰੇ ਵਾਅਦੇ ਪੂਰੇ ਕਰਨੇ ਸੰਭਵ ਨਹੀਂ ਜਦੋਂ ਕਿ ਰਾਜ ਅਕਾਲੀ-ਭਾਜਪਾ ਸਰਕਾਰ ਦੀਆਂ ਬੇਨਿਯਮੀਆਂ ਕਾਰਨ ਪੂਰੀ ਤਰ੍ਹਾਂ ਵਿੱਤੀ ਸੰਕਟ ਵਿੱਚ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਦਾ ਕੰਮ ਮਿਊਂਪਸਲ ਚੋਣਾਂ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਦੀ ਸਨਅਤ ਮਾਲੀ ਸਾਧਨ ਜੁਟਾਉਣ ਵਿੱਚ ਸਹਾਇਤਾ ਦੇ ਰਹੀ ਹੈ ਅਤੇ ਮਾਰਚ ਮਹੀਨੇ ਰਾਜ ਸਰਕਾਰ ਨੇ 5000 ਕਰੋੜ ਤੋਂ ਵੱਧ ਤੇ ਸਨਅਤੀ ਸਮਝੌਤੇ ਕੀਤੇ ਹਨ। ਜੀ:ਐਸ:ਟੀ ਦੇ ਮੁੱਦੇ ਤੇ ਬੋਲਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਡੀ ਸਮੱਸਿਆ ਲਾਗੂ ਕਰਨ ਦੀ ਆ ਰਹੀ ਹੈ ਜੋ ਕਿ ਕਾਹਲੀ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਬਤੌਰ ਕਾਂਗਰਸ ਪ੍ਰਧਾਨ ਚੋਣ ਪਾਰਟੀ ਵਿੱਚ ਵੱਡਾ ਉਤਸ਼ਾਹ ਭਰੇਗੀ। ਪੰਜਾਬ ਵਿੱਚ ਕੱਟੜਪੰਥੀਆਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਕਾਰਵਾਈਆਂ ਬਾਰੇ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਕੇਂਦਰੀ ੲੈਜੰਸੀਆਂ ਨਾਲ ਇਸ ਮੁੱਦੇ ਨੂੰ ਨਜਿੱਠ ਰਹੀ ਹੈ ਜਿਸ ਵਿੱਚ ਪਾਸਿਕਤਾਨ ਦੀ ਖੁਫੀਆਂ ਏਜੰਸੀ ਆਈ:ਐਸ:ਆਈ ਕਨੇਡਾ, ਅਮਰੀਕਾ ਬਰਤਾਨੀਆਂ ਅਤੇ ਜਰਮਨੀ ਰਸਤੇ ਰਾਜ ਵਿੱਚ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰ ਹਰਪ੍ਰਤਾਪ ਸਿੰਘ ਅਜਨਾਲਾ, ਸ੍ਰੀ ਓ:ਪੀ: ਸੋਨੀ, ਡਾ: ਰਾਜ ਕੁਮਾਰ ਵੇਰਕਾ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ, ਸ੍ਰੀ ਤਰਸੇਮ ਸਿੰਘ ਡੀ:ਸੀ, ਸ੍ਰ ਸੰਤੋਖ ਸਿੰਘ ਭਲਾਈਪੁਰ, ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਅਤੇ ਹੋਰ ਹਾਜ਼ਰ ਸਨ।

WRITTEN BY