ਜਲੰਧਰ, 12 ਜਨਵਰੀ (ਪੀ.ਟੀ.)-ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਫ਼ਸਰ ਅਤੇ ਲੁਧਿਆਣਾ ਦੇ ਲੰਬਾ ਸਮਾਂ ਡਿਪਟੀ ਕਮਿਸ਼ਨਰ ਰਹੇ ਸ੍ਰੀ ਐੱਸ.ਐ¤ਸ. ਚੰਨੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੋਣਗੇ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨੇੜਲੇ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ. ਚੰਨੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਗਭਗ ਹੋ ਚੁੱਕਾ ਹੈ ਅਤੇ ਛੇਤੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਸ. ਚੰਨੀ ਛੇਤੀ ਹੀ ਸੇਵਾ ਮੁਕਤ ਹੋਣ ਵਾਲੇ ਹਨ। ਅਕਾਲੀ-ਭਾਜਪਾ ਗਠਜੋੜ ਉਨ੍ਹਾਂ ਨੂੰ ਲੁਧਿਆਣਾ ਤੋਂ ਤਕੜਾ ਉਮੀਦਵਾਰ ਖਿਆਲ ਕਰਦਾ ਹੈ। ਇਸ ਸੀਟ ਤੋਂ ਇਸ ਸਮੇਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਹਾੜੀ ਨੁਮਾਇੰਦਗੀ ਕਰ ਰਹੇ ਹਨ। ਇਸ ਹਲਕੇ ਲਈ ਉਮੀਦਵਾਰ ਦੀ ਚੋਣ ਲਈ ਅਕਾਲੀ-ਭਾਜਪਾ ਗਠਜੋੜ ਨੂੰ ਕਾਫ਼ੀ ਮੁਸ਼ਕਤ ਕਰਨੀ ਪਈ ਹੈ। ਇਸ ਤੋਂ ਪਹਿਲਾਂ ਕਈ ਨਾਂਅ ਵਿਚਾਰੇ ਗਏ ਸਨ, ਪ੍ਰੰਤੂ ਉਨ੍ਹਾਂ ’ਚੋਂ ਕਿਸੇ ਨੂੰ ਵੀ ਯੋਗ ਨਹੀਂ ਸਮਝਿਆ ਗਿਆ।