ਸਮਰਾਲਾ 12 ਜਨਵਰੀ (ਕਮਲਜੀਤ)-ਪੰਜਾਬ ਦੀਆਂ ਪੇਡੂਂ ਹੈਲਥ ਅਤੇ ਵੈਟਰਨਰੀ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਸਮੂਹ ਫਾਰਮਿਸਟ ਅਤੇ ਦਰਜਾ ਚਾਰ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਅਤੇ ਡੰਗ-ਟਪਾਊ ਰਵੀਈਏ ਤੋਂ ਦੁੱਖੀ ਹੋ ਕੇ ਹੁਣ 14 ਜਨਵਰੀ ਮੁਕਤਸਰ ਦੇ ਮਾਘੀ ਮੇਲੇ ਤੋ ਸਰਕਾਰ ਵਿਰੁੱਧ ਆਪਣੀ ਆਰ-ਪਾਰ ਦੀ ਲੜਾਈ ਸ਼ੁਰੂ ਕਰਨਗੇ। ਇਹ ਐਲਾਨ ਅੱਜ ਇੱਥੇ ਇਹਨਾਂ ਮੁਲਾਜਮਾਂ ਦੀ ਹੋਈ ਮੀਟਿੰਗ ਵਿੱਚ ਕੀਤਾ ਗਿਆ ਹੈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕਨਵੀਨਰ ਗੁਰਮੀਤ ਸਿੰਘ ਕੁੱਲੇਵਾਲ ਨੇ ਦੱਸਿਆ ਹੈ ਇਹ ਮੁਲਾਜਮ ਜੂਨ 2006 ਤੋਂ ਪੇਡੂ ਹੈਲਥ ਡਿਸਪੈਸਰੀਆਂ ਵਿੱਚ ਕੰਮ ਕਰਦੇ ਆ ਰਹੇ ਹਨ। ਜਦ ਕਿ ਇਹਨਾਂ ਦੇ ਨਾਲ ਕੰਮ ਕਰਦੇ ਡਾਕਟਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਈ 2011 ਵਿੱਚ ਪੱਕੇ ਕਰ ਦਿੱਤਾ ਸੀ ਅਤੇ ਇਨਾਂ ਫਾਰਮਿਸਟਾਂ ਨੂੰ ਠੇਕਾ ਪ੍ਰਣਾਲੀ ਅਧੀਨ ਸਿੱਧਾ ਜ਼ਿਲਾ ਪ੍ਰੀਸ਼ਦ ਨਾਲ ਜੋੜ ਕੇ ਇਨਾਂ ਦੀ ਤਨਖਾਹ ਨਾ-ਮਾਤਰ 7000 ਰੁ: ਮਾਸਿਕ ਫਾਰਮਿਸਟ ਅਤੇ ਕੇਵਲ 3000 ਰੁ: ਪ੍ਰਤੀ ਮਹੀਨਾ ਦਰਜਾ ਚਾਰ ਮੁਲਾਜਮ ਦੀ ਤੈਅ ਕੀਤੀ ਗਈ ਸੀ । ਅਤੇ ਇਨਾਂ ਦੀਆਂ ਅਸਾਮੀਆਂ ਦੀ ਰਚਨਾ ਕਰਕੇ ਇਨਾਂ ਨੂੰ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਬਰਾਬਰ ਦਾ ਪੇ-ਸਕੇਲ ਦੇ ਕੇ ਰੈਗੂਲਰ ਕਰਨ ਦਾ ਵਾਦਾ ਵੀ ਕੀਤਾ ਗਿਆ ਸੀ। ਹੁਣ ਇਹ ਮੁਲਾਜਮ ਆਪਣੀਆਂ ਸਵੇਵਾਂ ਰੈਗੂਲਰ ਕਰਨ ਦੀ ਮੰਗ ਪ੍ਰਤੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਇਨਾਂ ਦੀਆਂ ਸਵੇਵਾਂ ਸੰਬੰਧੀ ਰੈਗੂਲਰ ਦੀ ਨੀਤੀ ਤਿਆਰ ਕਰਨ ਦੀ ਬਜਾਏ ਡੰਗ-ਟਪਾਊ ਨੀਤੀ ਤਹਿਤ ਇਨਾਂ ਨਾਲ ਕੀਤੇ ਠੇਕੇ ਦੀ ਮਿਆਦ ਹਰ ਛੇ ਮਹੀਨੇ ਦੇ ਬਾਅਦ ਅੱਗੇ ਵਧਾ ਦਿੱਤੀ ਜਾਂਦੀ ਹੈ। ਜਿਸ ਕਾਰਨ ਆਰਥਿਕ ਪੱਖੋਂ ਇਹ ਮੁਲਾਜ਼ਮ ਭਾਰੀ ਪਰੇਸ਼ਾਨ ਅਤੇ ਦੁੱਖੀ ਹਨ। ਇਨਾਂ ਦੇ ਨਾਲ ਹੀ ਸੂਬਾ ਪ੍ਰਧਾਨ ਕੁਲਰਾਜ ਸਿੰਘ ਦਾ ਕਹਿਣਾ ਹੈ ਕਿ ਸਾਡਾ ਇੰਨੀ ਘੱਟ ਤਨਖਾਹ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ ਅਤੇ ਹੁਣ ਅਸੀ ਸਰਕਾਰ ਨਾਲ ਮਾਘੀ ਮੇਲੇ ਤੋਂ ਆਰ-ਪਾਰ ਦੀ ਲੜਾਈ ਲੜਨ ਲਈ ਮਜ਼ਬੂਰ ਹੋ ਗਏ ਹਾਂ ਅਤੇ ਇਸ ਲੜਾਈ ਨਾਲ ਜੋ ਵੀ ਮਾਲੀ ਨੁਕਸਾਨ ਹੋਣਗੇ ਉਹਨਾਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਦਵਿੰਦਰ ਸਿੰਘ, ਗੋਗੀ ਗੁਜ਼ਰਾਲ, ਜਗਵਿੰਦਰ ਸਿੰਘ, ਬੱਗਾ ਸਿੰਘ , ਗੁਰਚਰਨ ਸਿੰਘ , ਸੰਦੀਪ ਸਿੰਘ , ਵਰਿੰਦਰ ਸਿੰਘ , ਰਾਜੂ , ਜੋਤ ਰਾਮ , ਬਲਵੀਰ ਸਿੰਘ , ਬਿਕਰਮਜੀਤ , ਜਗਦੇਵ ਸਿੰਘ, ਸ਼ਮਸ਼ੇਰ ਸਿੰਘ , ਅਰਵਿੰਦਰ ਸਿੰਘ, ਬਲਵਿੰਦਰ ਸ਼ਰਮਾ, ਕੁਲਦੀਪ ਸਿੰਘ, ਰੁਪਿੰਦਰ ਕੌਰ, ਪ੍ਰਤੀਭਾ, ਪ੍ਰੀਤ ਪਾਲ ਕੌਰ, ਨਵਜੋਤ ਕੌਰ, ਮਨਜੀਤ ਕੌਰ ਅਤੇ ਪਰਮ ਆਦਿ ਆਗੂ ਵੀ ਸ਼ਾਮਿਲ ਹੋਏ।