ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਬੋਫੋਰਸ ਘੋਟਾਲੇ ‘ਚ ਦਲਾਲੀ ਦੇ ਮੁਲਜ਼ਮ ਓਤਾਵੀਓ ਵਾਤਰੋਚੀ ਦੀ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਮਿਲਾਨ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕਵਾਤਰੋਚੀ ‘ਤੇ ਭਾਰਤ ‘ਚ ਹੋਏ ਬੋਫੋਰਸ ਤੋਪ ਸੌਦੇ ‘ਚ ਦਲਾਲੀ ਕਰਨ ਦਾ ਦੋਸ਼ ਸੀ ਅਤੇ ਭਾਰਤੀ ਰਾਜਨੀਤੀ ‘ਚ ਕਾਂਗਰਸ ‘ਤੇ ਹਮੇਸ਼ਾ ਕਵਾਤਰੋਚੀ ਨੂੰ ਬਚਾਉਣ ਦੇ ਦੋਸ਼ ਲੱਗਦੇ ਰਹੇ ਹਨ।

ਕਵਾਤਰੋਚੀ ਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਅਤੇ ਕਾਂਗਰਸ ਪਾਰਟੀ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨਾਲ ਕਾਫੀ ਵਧੀਆ ਸੰਬੰਧ ਸਨ। ਇਸ ਕਾਰਨ ਸਮਝਿਆ ਜਾਂਦਾ ਹੈ ਕਿ ਕਾਂਗਰਸ ਨੇ ਹਮੇਸ਼ਾ ਕਵਾਤਰੋਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਵਾਤਰੋਚੀ ਦੀ ਮੌਤ ‘ਤੇ ਭਾਜਪਾ ਦੇ ਨੇਤਾ ਵਿਜੇ ਸੋਨਕਰ ਸ਼ਾਸਤਰੀ ਨੇ ਐਤਵਾਰ ਨੂੰ ਕਿਹਾ ਕਿ ਬੋਫੋਰਸ ਘੋਟਾਲੇ ਸੰਬੰਧੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਪ੍ਰਧਾਨਗੀ ‘ਚ ਕਾਂਗਰਸ ‘ਤੇ ਜੋ ਦਾਗ ਲੱਗਿਆ ਹੈ, ਉਸ ਨੂੰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਹੀਂ ਮਿਟਾ ਸਕਦੇ। ਉਨ੍ਹਾਂ ਨੇ ਕਿਹਾ ਕਿ ਕਵਾਤਰੋਚੀ ਦੀ ਮੌਤ ਨਾਲ ਕਾਂਗਰਸ ਸ਼ਾਇਦ ਇਹ ਸਮਝ ਰਹੀ ਹੋਵੇਗੀ ਕਿ ਇਹ ਮਾਮਲਾ ਖਤਮ ਹੋ ਚੁੱਕਾ ਹੈ ਪਰ ਇਹ ਮਾਮਲਾ ਇਕ ਨਾਸੂਰ ਦੀ ਤਰ੍ਹਾਂ ਭਾਰਤ ਦੇ ਇਤਿਹਾਸ ‘ਚ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਕਵਾਤਰੋਚੀ ਨੂੰ ਅੱਜ ਤੱਕ ਸੀ. ਬੀ. ਆਈ. ਵਲੋਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਅਤੇ ਇਹ ਭਾਰਤੀ ਇਤਿਹਾਸ ‘ਚ ਇਕ ਸ਼ਰਮਨਾਕ ਘਟਨਾ ਹੈ, ਜਿਸ ਨੂੰ ਭਾਰਤ ਦੇ ਨਾਗਰਿਕ ਕਦੇ ਨਹੀਂ ਭੁੱਲ ਸਕਦੇ। ਜ਼ਿਕਰਯੋਗ ਹੈ ਕਿ ਜਿਸ ਸਮੇਂ ਬੋਫੋਰਸ ਘੋਟਾਲਾ ਸਾਹਮਣੇ ਆਇਆ ਸੀ, ਉਸ ਸਮੇਂ ਰਾਜੀਵ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਸਨ। ਅਸਲ ‘ਚ ਰਾਜੀਵ ਗਾਂਧੀ ਸਰਕਾਰ ਨੇ 1986 ‘ਚ ਸਵੀਡਨ ਦੀ ਬੋਫੋਰਸ ਕੰਪਨੀ ਨੂੰ 400 ਹੋਵਿਤਜ਼ਰ ਤੋਪਾਂ ਦਾ ਆਰਡਰ ਦਿੱਤਾ ਸੀ ਅਤੇ ਕਵਾਤਰੋਚੀ ‘ਤੇ ਇਹ ਦੋਸ਼ ਸੀ ਕਿ ਉਹ ਬੋਫੋਰਸ ਤੋਪਾਂ ਦੀ ਖਰੀਦਦਾਰੀ ‘ਚ 64 ਕਰੋੜ ਰੁਪਏ ਦੀ ਦਲਾਲੀ ਦੇ ਮਾਮਲੇ ‘ਚ ਸ਼ਾਮਲ ਸੀ। ਕਵਾਤਰੋਚੀ ਇਕ ਇਤਾਲਵੀ ਕੰਪਨੀ ਦੇ ਪ੍ਰਤੀਨਿਧੀ ਦੇ ਤੌਰ ‘ਤੇ 1993 ਤੱਕ ਦਿੱਲੀ ‘ਚ ਰਿਹਾ ਅਤੇ ਫਿਰ ਭਾਰਤ ਛੱਡ ਕੇ ਕੁਆਲਾਲੰਪੁਰ ਚਲਾ ਗਿਆ। ਇਸ ਤੋਂ ਬਾਅਦ ਮਾਰਚ 1999 ‘ਚ ਕਵਾਤਰੋਚੀ ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਸ ਨੇ ਬੋਫੋਰਸ ਤੋਂ ਕੋਈ ਪੈਸਾ ਨਹੀਂ ਲਿਆ। ਸੀ. ਬੀ. ਆਈ. ਨੇ 1999 ‘ਚ ਸਾਬਕਾ ਰੱਖਿਆ ਸਕੱਤਰ ਐੱਸ. ਕੇ. ਭਟਨਾਗਰ, ਓਟਾਵੀਓ ਕਵਾਤਰੋਚੀ, ਵਿਨ ਚੱਡਾ ਅਤੇ ਬੋਫੋਰਸ ਦੇ ਸਾਬਕਾ ਮੁਖੀ ਮਾਰਟਿਨ ਆਰਡਬੋ ਅਤੇ ਬੋਫੋਰਸ ਕੰਪਨੀ ਦੇ ਖਿਲਾਫ ਦੋਸ਼ ਦਰਜ ਕੀਤੇ ਸਨ। ਇਨ੍ਹਾਂ ‘ਚੋਂ ਐੱਸ. ਕੇ. ਭਟਨਾਗਰ, ਮਾਰਟਿਨ ਆਰਡਬੋ ਅਤੇ ਵਿਨ ਚੱਡਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਦੇ ਦੋਸ਼ੀਆਂ ‘ਚੋਂ ਸਿਰਫ ਕਵਾਤਰੋਚੀ ਹੀ ਜ਼ਿੰਦਾ ਸੀ ਪਰ ਉਸ ਨੂੰ ਕਦੇ ਭਾਰਤ ਦੀ ਕਿਸੇ ਅਦਾਲਤ ‘ਚ ਪੇਸ਼ ਨਹੀਂ ਕੀਤਾ ਜਾ ਸਕਿਆ ਸੀ।
ਕਵਾਤਰੋਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ



