ਫਰੀਦਕੋਟ, 1 ਦਸੰਬਰ (ਗੁਰਜੀਤ ਰੋਮਾਣਾ)- ਸੀਮਾ ਸੁਰਖਿਆ ਬਲ (ਬੀ ਐਸ ਐਫ) ਦੁਆਰਾ ਆਪਣਾ 52ਵਾਂ ਸਥਾਪਨਾ ਦਿਵਸ ਆਰਟਲਰੀ ਮੁਖ ਦਫਤਰ ਤਲਵੰਡੀ ਰੋਡ ਫਰੀਦਕੋਟ ਵਿਖੇ ਉਪ ਮਹਾਨਿਰੀਖਕ/ਕਮਾਂਡਰ (ਤੋਪਖਾਨਾ) ਸੀਮਾ ਸੁਰਖਿਆ ਬਲ ਸ੍ਰੀ ਦਲਜੀਤ ਸਿੰਘ ਸੰਧਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ।ਜਿਸ ਦਾ ਰਸਮੀ ਉਦਘਾਟਨ ਕਮਾਂਡੈਂਟ 1033 ਆਰਟੀਲਰੀ ਰੈਜੀਮੈਂਟ ਸ੍ਰੀ ਗੁਰਮਿੰਦਰ ਸਿੰਘ ਨੇ ਕੀਤਾ।ਇਸ ਮੌਕੇ ਲਗਾਏ ਗਏ ਖੂਨਦਾਨ ਕੈਂਪ ’ਚ ਕਮਾਂਡੈਂਟ ਸ੍ਰੀ ਗੁਰਮਿੰਦਰ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਨਦੀਪ ਕੌਰ ਵਲੋਂ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਬੀ ਐਸ ਐਫ ਦੇ ਅਧਿਕਾਰੀਆਂ/ਜਵਾਨਾਂ ਨੇ ਵਧ ਚੜ੍ਹ ਕੇ ਖੂਨਦਾਨ ਕੀਤਾ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਗੁਰਮਿੰਦਰ ਸਿੰਘ ਨੇ ਕਿਹਾ ਭਾਰਤੀ ਸੀਮਾ ਬਲ ਜਿਥੇ ਸਰਹਦਾਂ ਦੀ ਰਾਖੀ ਕਰਦੀ ਹੈ ਉਥੇ ਸਮਾਜਿਕ ਕੰਮਾਂ ‘ਚ ਵੀ ਵਧ ਚੜ੍ਹ ਕੇ ਹਿਸਾ ਲੈਂਦੀ ਹੈ। ਉਨ੍ਹਾਂ ਕਿਹਾ ਖੂਨ ਦਾਨ ਇਕ ਮਹਾਨ ਸੇਵਾ ਹੈ। ਜਿਸ ਵਿਚ ਹਰ ਜਵਾਨ ਨੂੰ ਸਮੇਂ ਸਮੇਂ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਅਸੀਂ ਜ਼ਰੂਰਤ ਪੈਣ ਤੇ ਕਈ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਸਹਾਇਤਾ ਕਰ ਸਕਦੇ ਹਾਂ। ਉਨ੍ਹਾਂ ਆਖਿਆ ਕਿ ਹਰ ਸਾਲ ਬੀ ਐਸ ਐਫ ਵਲੋਂ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਆਪਣਾ 52ਵਾਂ ਸਥਾਪਨਾ ਦਿਵਸ ਮੌਕੇ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਲਈ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਇਥੋਂ ਦੇ ਜਵਾਨਾਂ ਦੁਆਰਾ ਵੀ ਕਾਫੀ ਉਤਸ਼ਾਹ ਨਾਲ ਖੂਨਦਾਨ ਕਰਨ ਵਿਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਬੀ.ਐਸ.ਐਫ ਦੇ ਇਤਿਹਾਸ ਬਾਰੇ ਗਲ ਕਰਦਿਆਂ ਕਿਹਾ ਕਿ ਸੀਮਾ ਸੁਰਖਿਆ ਬਲ ਦਾ ਗਠਨ 1 ਦਸੰਬਰ 1965 ਨੂੰ ਹੋਇਆ ਸੀ।ਉਦੋਂ ਤੋਂ ਲੈ ਕੇ ਹੁਣ ਤਕ ਬੀ ਐਸ ਐਫ ਨੇ ਭਾਰਤ ਦੀਆਂ ਅੰਤਰ-ਰਾਸ਼ਟਰੀ ਸੀਮਾਵਾਂ ਅਤੇ ਅੰਦਰੂਨੀ ਸੁਰਖਿਆ ਡਿਊਟੀ ਅਤੇ ਵਖ ਵਖ ਦੇਸ਼ਾਂ ਵਿਚ ਸ਼ਾਂਤੀ ਸਥਾਪਨਾ ਲਈ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਤਾਇਨਾਤ ਹੈ। ਲਗਾਏ ਗਏ ਕੈਂਪ ‘ ਲਗਭਗ 70 ਯੂਨਿਟ ਖੂਨ ਇਕਤਰ ਕੀਤਾ ਗਿਆ।
ਖੂਨਦਾਨੀਆਂ ਨੂੰ ਸਿਵਲ ਪ੍ਰਸ਼ਾਸ਼ਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਸ੍ਰੀਮਤੀ ਵੀਨਾ ਅਰੋੜਾ, ਡਾ. ਸੰਜੀਵ ਸੇਠੀ, ਡਾ. ਚੰਦਰ ਸ਼ੇਖਰ, ਸਮਾਜ ਸੇਵੀ ਸੰਸਥਾ ਹੈਲਥ ਫਾਰ ਆਲ ਦੇ ਡਾ. ਵਿਸ਼ਵਦੀਪ ਗੋਇਲ, ਰਾਕੇਸ਼ ਸ਼ਰਮਾਂ ਵਲੋਂ ਕਮਾਡੈਂਟ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਬੀ.ਐਸ.ਐਫ. ਜਵਾਨਾਂ ਨੇ ਖੂਨਦਾਨ ਕਰਕੇ ਮਨਾਇਆ 52ਵਾਂ ਸਥਾਪਨਾ ਦਿਵਸ



