ਚੰਡੀਗੜ੍ਹ, 29 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਰਦ ਰੁਤ ਸੈਸ਼ਨ ਦੇ ਆਖਰੀ ਦਿਨ ਵੀ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।ਇਸ ਦੇ ਬਾਵਜੂਦ ਸਰਕਾਰੀ ਧਿਰ 13 ਅਹਿਮ ਬਿੱਲ ਪਾਸ ਕਰਾਉਣ ਵਿੱਚ ਸਫਲ ਰਹੀ। 15ਵੀਂ ਵਿਧਾਨ ਸਭਾ ਦਾ ਇੱਕ ਤੀਜਾ ਸੈਸ਼ਨ ਸੀ। ਪਾਸ ਕੀਤੇ ਗਏ ਬਿੱਲ ਸਹਿਕਾਰਤਾ, ਐਕਸਾਇਜ਼ ਅਤੇ ਸਕੂਲ ਸਿੱਖਿਆ ਨਾਲ ਸਬੰਧਿਤ ਹਨ। ਇਸ ਦੌਰਾਨ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਪੀਕਰ ਦੀ ਇਜਾਜ਼ਤ ਨਾਲ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨਾਲ ਸਬੰਧਿਤ ਸਟਿੰਗ ਆਡੀਓ ਬਾਰੇ ਨਿਖੇਧੀ ਪਤਾ ਪੇਸ਼ ਕੀਤਾ ਗਿਆ, ਜੋ ਬਹੁਸੰਮਤੀ ਨਾਲ ਪਾਸ ਹੋ ਗਿਆ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਵਿਰੋਧੀ ਧਿਰ ਖਾਸ ਕਰਕੇ ‘ਆਪ’ ਆਗੂ ਸਟਿੰਗ ਆਡੀਓ ਰਾਹੀਂ ਨਿਆਂਪਾਲਿਕਾ ਨੂੰ ਬਦਨਾਮ ਕਰ ਰਹੇ ਹਨ। ਸਦਨ ’ਚ ਗ਼ੈਰ ਕਾਨੂੰਨੀ ਮਾਈਨਿੰਗ ਅਤੇ ਰਾਜਾ ਭਈਆ ਦੇ ਮੁੱਦੇ ’ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅਕਾਲੀ-ਭਾਜਪਾ ਮੈਂਬਰ ਇਸ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ।ਆਖਰੀ ਦਿਨ ਸੈਸ਼ਨ ‘ਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹਿਸਾ ਲੈਣ ਪੁਜੇ। ਸ. ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਜਲਾਸ ‘ਚ ਸਿਰਫ 2 ਹੀ ਮੀਟਿੰਗਾਂ ਰਖੀਆਂ ਗਈਆਂ ਹਨ।ਇਸ ਦੌਰਾਨ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੇ ਮਾਮਲੇ ’ਚ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ।ਇਸ ਤੋਂ ਬਾਅਦ ਸੁਖਪਾਲ ਖਹਿਰਾ, ਨਵਜੋਤ ਸਿਧੂ ਅਤੇ ਬ੍ਰਹਮ ਮੋਹਿੰਦਰਾ ਵਿਚਕਾਰ ਤਿਖੀ ਬਹਿਸ ਵੀ ਹੋ ਗਈ। ਇਸੇ ਦੌਰਾਨ ਸੰਸਦੀ ਕਾਰਜ ਮੰਤਰੀ ਬ੍ਰਹਮ ਮੋਹਿੰਦਰਾ ਨੇ ਸੁਖਪਾਲ ਖਹਿਰਾ ਮਾਮਲੇ ‘ਤੇ ਮਤਾ ਪੇਸ਼ ਕੀਤਾ। ਇਸ ਮਤੇ ‘ਚ ਉਨ੍ਹਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਆਡੀਓ ਕਲਿਪ ਜਾਰੀ ਕਰਕੇ ਨਿਆਂਪਾਲਿਕਾ ਦੀ ਤੌਹੀਨ ਕੀਤੀ ਹੈ ਅਤੇ ਇਸ ਸਬੰਧੀ ਮੁਖ ਜਜ ਨੂੰ ਖੁਦ ਧਿਆਨ ਦੇਣਾ ਚਾਹੀਦਾ ਹੈ। ਇਸ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਦਨ ਤੋਂ ਵਾਕਆਊਟ ਕਰ ਦਿਤਾ। ਦੂਜੇ ਪਾਸੇ ਇਸ ਮਾਮਲੇ ’ਤੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਨਸ਼ਾ ਤਸਕਰੀ ਮਾਮਲੇ ’ਚ ਉਨ੍ਹਾਂ ਦੀ ਰਤੀ ਭਰ ਵੀ ਸ਼ਮੂਲੀਅਤ ਪਾਈ ਗਈ ਤਾਂ ਉਨ੍ਹਾਂ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਜਾਵੇ ਜਾਂ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਲਈ ਸਦਨ ‘ਚ ਇਸ ਤਰ੍ਹਾਂ ਦੇ ਪ੍ਰਸਤਾਵ ਪਾਸ ਕਰਵਾ ਰਹੀ ਹੈ। ਇਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਕਿਹਾ ਕਿ 35 ਲਖ ਦੇ ਸੌਦੇ ਪਿਛੇ ਸਿਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੁਕਾਉਣ ਲਈ ਇਹ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਤੋਂ ਬਾਅਦ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ਦੇ ਵੈਲ ਤਕ ਪਹੁੰਚ ਗਏ ਜਦੋਂ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਆਪਣੀ ਥਾਂ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ।
ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਵੀ ਭਾਰੀ ਹੰਗਾਮੇ-ਖਹਿਰਾ ਦੀ ਸਟਿੰਗ ਆਡੀਓ ਵਿਰੁੱਧ ਮਤਾ ਅਤੇ 13 ਬਿੱਲ ਪਾਸ



