ਚੰਡੀਗੜ੍ਹ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਨੇ ਅਜ ਕਾਂਗਰਸ ਸਰਕਾਰ ਨੂੰ ਅਕਾਲੀ-ਭਾਜਪਾ ਵਿਧਾਇਕ ਦਲ ਵਲੋ ਵਿਧਾਨ ਸਭਾ ਵਿਚ ਕਿਸਾਨੀ ਸੰਕਟ ਉਤੇ ਚਰਚਾ ਕਰਨ ਲਈ ਪੇਸ਼ ਕੀਤੇ ਕੰਮ ਰੋਕੂ ਪ੍ਰਸਤਾਵ ਉਤੇ ਚਰਚਾ ਕਰਨ ਦੀ ਮਨਾਹੀ ਵਾਸਤੇ ਸਖ਼ਤ ਝਾੜ ਪਾਈ ਅਤੇ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਵਿਚ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਾਣ ਬੁਝ ਕੇ ਅਜਿਹਾ ਕੀਤਾ ਗਿਆ ਹੈ।ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਪਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬੀ ਕਿਸਾਨਾਂ ਦੀ ਦੁਰਦਸ਼ਾ ਉਤੇ ਚਰਚਾ ਕਰਨ ਤੋਂ ਕੀਤੇ ਇਨਕਾਰ ਕਰਕੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਆਪਣਾ ਰੋਸ ਪ੍ਰਗਟਾਉਣ ਲਈ ਵਿਧਾਨ ਸਭਾ ਵਿਚੋਂ ਵਾਕ ਆਊਟ ਕਰਨਾ ਪਿਆ।ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਪਹਿਲਾਂ ਵੀ ਮੁਕੰਮਲ ਕਰਜ਼ਾ ਮੁਆਫੀ ਦਾ ਐਲਾਨ ਕਰਕੇ, ਕੈਬਨਿਟ ਮੀਟਿੰਗ ਵਿਚ ਇਸ ਬਾਰੇ ਪ੍ਰਸਤਾਵ ਪਾਸ ਕਰਕੇ ਅਤੇ ਇਥੋਂ ਤਕ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਪਾਸ ਕਰਕੇ ਕਿਸਾਨਾਂ ਨੂੰ ਧੋਖਾ ਦੇ ਚੁਕੀ ਹੈ। ਉਹਨਾਂ ਕਿਹਾ ਕਿ ਪਰ ਜ਼ਮੀਨੀ ਪਧਰ ਉਤੇ ਕੁਝ ਵੀ ਨਹੀਂ ਹੋਇਆ ਹੈ। ਅਜੇ ਤੀਕ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਸਚਾਈ ਇਹ ਹੈ ਕਿ ਸਰਕਾਰ ਦੇ ਝੂਠੇ ਐਲਾਨਾਂ ਨੇ ਕਿਸਾਨਾਂ ਨੂੰ ਬਰਬਾਦ ਕਰ ਦਿਤਾ ਹੈ। ਬੈਕਾਂ ਵਲੋਂ ਕਿਸਾਨਾਂ ਨੂੰ ਡਿਫਾਲਟਰ ਐਲਾਨਿਆ ਜਾ ਚੁਕਾ ਹੈ, ਕਿਉਂਕਿ ਉਹਨਾਂ ਨੇ ਕਰਜ਼ੇ ਦਾ ਵਿਆਜ ਦੇਣਾ ਬੰਦ ਕਰ ਦਿਤਾ ਸੀ। ਹੁਣ ਉਹਨਾਂ ਨੂੰ ਮਜ਼ਬੂਰੀਵਸ ਆੜ੍ਹਤੀਆਂ ਕੋਲੋਂ ਕਰਜ਼ੇ ਚੁਕਣੇ ਪੈ ਰਹੇ ਹਨ, ਕਿਉਂਕਿ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਦੇਣੇ ਬੰਦ ਕਰ ਦਿਤੇ ਹਨ।ਅਸੀਂ ਇਸ ਲਈ ਕੰਮ ਰੋਕੂ ਪ੍ਰਸਤਾਵ ਪੇਸ਼ ਕੀਤਾ ਸੀ, ਕਿਉਂਕਿ 300 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁਕੇ ਹਨ, ਜਿਹਨਾਂ ਵਿਚੋਂ ਕੁਝ ਤਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਹੋਏ ਮਰੇ ਹਨ।ਪਰ ਕਿੰਨੀ ਅਜੀਬ ਗਲ ਹੈ ਕਿ ਜਿਹੜੀ ਸਰਕਾਰ ਸਦਨ ਵਿਚ ਖੁਦਕੁਸ਼ੀ ਪੀੜਤ ਕਿਸਾਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦੀ ਹੈ, ਉਹ ਉਹਨਾਂ ਦੀ ਦੁਰਦਸ਼ਾ ਉਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇੰਨਾ ਹੀ ਨਹੀਂ ਵਾਅਦੇ ਮੁਤਾਬਿਕ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਰੂਪ ਵਿਚ ਰਾਹਤ ਦਾ ਐਲਾਨ ਕਰਨ ਤੋਂ ਵੀ ਮੁਕਰ ਜਾਂਦੀ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਢੰਗ ਨਾਲ ਅਜ ਸਦਨ ਦੀ ਕਾਰਵਾਈ ਚਲਾਈ ਗਈ ਹੈ, ਉਸ ਤੋਂ ਸਾਬਿਤ ਹੋ ਗਿਆ ਕਿ ਕਾਂਗਰਸ ਅਤੇ ਆਪ ਵਿਚ ਰਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਆਪ ਚਾਹੁੰਦੀ ਹੈ ਕਿ ਕਾਂਗਰਸ ਸੁਖਪਾਲ ਖਹਿਰਾ ਨੂੰ ਨਿਸ਼ਾਨਾ ਨਾ ਬਣਾਏ। ਇਸ ਮੰਤਵ ਨੂੰ ਪੂਰਾ ਕਰਨ ਲਈ ਆਪ ਨੇ ਨਾ ਸਿਰਫ ਲੋਕਾਂ ਦੇ ਸਾਰੇ ਮਸਲੇ ਛਡ ਦਿਤੇ ਹਨ, ਸਗੋਂ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਕੰਨੀ ਕਰ ਲਈ ਹੈ। ਇਸੇ ਕਰਕੇ ਤੁਸੀਂ ਵੇਖ ਰਹੇ ਹੋ ਕਿ ਕਾਂਗਰਸ ਅਤੇ ਆਪ ਦੋਵੇਂ ਰਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਵਿਧਾਇਕ ਦਲ ਪੰਜਾਬ ਦੇ ਕਿਸਾਨਾਂ ਨੂੰ ਉਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਬਰਾਬਾਰ ਗੰਨੇ ਦੀ ਸਰਕਾਰੀ ਕੀਮਤ ਨਾ ਦੇ ਕੇ ਕੀਤੀ ਬੇਇਨਸਾਫੀ ਦਾ ਮੁਦਾ ਵੀ ਉਠਾਉਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਸਰਕਾਰ ਦਾ ਹਿਸਾ ਬਣੇ ਹੋਏ ਖੰਡ ਦੇ ਵਡੇ ਕਾਰੋਬਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦਿਤੇ ਜਾ ਰਹੇ ਹਨ, ਜੋ ਕਿ ‘ਹਿਤਾਂ ਦੇ ਟਕਰਾਅ‘ ਦਾ ਵੀ ਮੁਦਾ ਹੈ।ਇਹ ਕਹਿੰਦਿਆਂ ਕਿ ਅਕਾਲੀ-ਭਾਜਪਾ ਵਿਧਾਇਕ ਦਲ ਸਿਰਫ ਕਿਸਾਨੀ ਸੰਕਟ ਦੇ ਮੁਦੇ ਉਤੇ ਚਰਚਾ ਕਰਨੀ ਚਾਹੁੰਦਾ ਸੀ, ਉਹਨਾਂ ਕਿਹਾ ਕਿ ਕਿੰਨੇ ਦੁਖ ਦੀ ਗਲ ਹੈ ਕਿ ਸਪੀਕਰ ਰਾਣਾ ਕੇਪੀ ਸਿੰਘ ਨੇ ਇਸ ਮੁਦੇ ਉਤੇ ਚਰਚਾ ਕਰਨ ਲਈ ਵੀ ਸਮਾਂ ਨਹੀਂ ਦਿਤਾ।
ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਲੋਕਾਂ ਦੇ ਮਸਲਿਆਂ ਉਤੇ ਬਹਿਸ ਕਰਨ ਤੋਂ ਭਜ ਰਹੀ ਹੈ। ਆਪ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿੰਨਾ ਘਟ ਕਿਹਾ ਜਾਵੇ ਉਨਾ ਹੀ ਠੀਕ ਹੈ। ਅਜ ਆਪ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੁਲ੍ਹ ਗਈ ਹੈ। ਇਸ ਦਾ ਉਦੇਸ਼ ਸਿਰਫ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਬਚਾਉਣਾ ਹੈ ਅਤੇ ਆਪਣੇ ਇਸ ਉਦੇਸ਼ ਨੁੰ ਪੂਰਾ ਕਰਨ ਲਈ ਇਹ ਪੰਜਾਬੀਆਂ ਦੇ ਸਾਰੇ ਮੁਦਿਆਂ ਨੂੰ ਤਿਆਗ ਚੁਕੀ ਹੈ।
ਕਾਂਗਰਸ ਨੇ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨ ’ਚ ਨਾਕਾਮੀ ਨੂੰ ਛੁਪਾਉਣ ਲਈ ਕਿਸਾਨੀ ਸੰਕਟ ਉਤੇ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਹੀਂ ਦਿੱਤੀ



