ਭਵਾਨੀਗੜ੍ਹ, 26 ਨਵੰਬਰ (ਕ੍ਰਿਸ਼ਨ ਗਰਗ)- ਕੈਪਟਨ ਸਰਕਾਰ ਵਲੋਂ ਟਰਕ ਯੂਨੀਅਨਾਂ ਤੋੜਨ ਸਬੰਧੀ ਦੁਬਾਰਾ ਜਾਰੀ ਕੀਤੇ ਨੋਟੀਫਿਕੇਸ਼ਨ ਖਿਲਾਫ ਅਜ ਇਥੇ ਗੁਰੂ ਤੇਗ ਬਹਾਦਰ ਟਰਕ ਯੂਨੀਅਨ ਦੇ ਅਪਰੇਟਰਾਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਟਰਕ ਅਪਰੇਟਰਜ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਸ੍ਰੀ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਟਰਕ ਯੂਨੀਅਨਾਂ ਤੋੜਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਸੀ, ਇਸ ਧਕੇਸ਼ਾਹੀ ਖਿਲਾਫ ਪੰਜਾਬ ਦੇ ਹਜਾਰਾਂ ਅਪਰੇਟਰ ਸੰਘਰਸ਼ ਲਈ ਸੜਕਾਂ ਉਤੇ ਉਤਰ ਆਏ ਸਨ ਅਤੇ ਪਟਿਆਲਾ ਵਿਖੇ ਸਰਕਾਰ ਨੂੰ ਵਡੇ ਇਕਠ ਦੌਰਾਨ ਚੇਤਾਵਨੀ ਦਿਤੀ ਗਈ ਸੀ ਕਿ ਜੇਕਰ ਇਹ ਫੁਰਮਾਨ ਵਾਪਸ ਨਾਂ ਲਿਆ ਤਾਂ ਟਰਕ ਅਪਰੇਟਰ ਪੰਜਾਬ ਦੀਆਂ ਸੜਕਾਂ ਉਤੇ ਕਿਸੇ ਵੀ ਗਡੀ ਨੂੰ ਨਹੀਂ ਚਲਣ ਦੇਣਗੇ। ਇਸ ਲੋਕ ਰੋਹ ਕਾਰਨ ਸਰਕਾਰ 31 ਮਾਰਚ 2018 ਤਕ ਆਪਣਾ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਹੋ ਗਈ ਸੀ, ਪਰ ਬੀਤੇ ਕਲ ਦੁਬਾਰਾ ਫਿਰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਹਜਾਰਾਂ ਅਪਰੇਟਰਾਂ ਦੇ ਰੁਜਗਾਰ ਉਪਰ ਹਮਲਾ ਬੋਲ ਦਿਤਾ ਗਿਆ ਹੈ। ਸ੍ਰੀ ਝਨੇੜੀ ਨੇ ਚੇਤਾਵਨੀ ਦਿਤੀ ਕਿ ਉਹ ਆਪਣੇ ਰੁਜਗਾਰ ਨੂੰ ਕਿਸੇ ਵੀ ਕੀਮਤ ਉਤੇ ਖਤਮ ਨਹੀਂ ਹੋਣ ਦੇਣਗੇ ਅਤੇ ਸਰਕਾਰ ਦੇ ਇਸ ਫੁਰਮਾਨ ਦਾ ਡਟਕੇ ਮੁਕਾਬਲਾ ਕਰਨਗੇ। ਕਿਸੇ ਨਿਜੀ ਵਪਾਰੀ ਜਾਂ ਕੰਪਨੀ ਦੀ ਗਡੀ ਨੂੰ ਮਾਲ ਨਹੀਂ ਭਰਨ ਦਿਤਾ ਜਾਵੇਗਾ, ਭਾਵੇਂ ਇਸ ਲਈ ਅਪਰੇਟਰਾਂ ਨੂੰ ਕੋਈ ਕੁਰਬਾਨੀ ਕਰਨ ਦੀ ਜਰੂਰਤ ਪੈ ਜਾਵੇ। ਅਪਰੇਟਰਾਂ ਨੇ ਸਰਕਾਰ ਵਲੋਂ ਯੂਨੀਅਨਾਂ ਤੋੜਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜਸਵੀਰ ਸਿੰਘ ਜਸੀ, ਜਗਦੇਵ ਸਿੰਘ, ਜਗਮੀਤ ਸਿੰਘ ਭੋਲਾ, ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਰਾਜਵੀਰ ਸਿੰਘ, ਕੌਰ ਸਿੰਘ ਢਿਲੋਂ, ਬੰਟੀ ਢਿਲੋਂ, ਬਲਦੇਵ ਸਿੰਘ ਮਹਿਸਮਪੁਰ, ਬਲਵੀਰ ਸਿੰਘ, ਸਮਸ਼ੇਰ ਸਿੰਘ, ਅਮਿਤ ਕੁਮਾਰ, ਪਰਮਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜਰ ਸਨ।
ਟਰਕ ਯੂਨੀਅਨਾਂ ਤੋੜਨ ਦੇ ਨੋਟੀਫਿਕੇਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ



