ਪਟਿਆਲਾ, 24 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ‘ਸੰਪਰਦਾਇਕ ਸਦਭਾਵਨਾ ਹਫਤਾ’ ਤਹਿਤ ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਐਨ.ਐਸ.ਐਸ. ਯੂਨਿਟ ਵਲੋਂ ਕੀਤੇ ਗਏ ਇਸ ਉਦਮ ਵਿਚ ਪ੍ਰੋ. ਅੱਛਰੂ ਸਿੰਘ, ਸ਼੍ਰੋਮਣੀ ਸਾਹਿਤਕਾਰ ਤੇ ਸਾਬਕਾ ਪ੍ਰੋਫ਼ੈਸਰ ਅਤੇ ਸ. ਕੇਸਰ ਸਿੰਘ ਸੁਪਰਡੈਂਟ ਆਫ਼ ਪੁਲਿਸ ਪਟਿਆਲਾ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹਏ ਪ੍ਰੋ. ਅੱਛਰੂ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਮਹਾਂਵਾਕ ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਅਨੁਸਾਰ ਮਨੁੱਖਤਾ ਦੀ ਅਸਲ ਪਹਿਚਾਣ ਸਮੁੱਚੇ ਮਨੁੱਖੀ ਜਗਤ ਨੂੰ ਇਕਸਾਰ ਤੇ ਇਕ ਸਮਾਨ ਸਮਝਣ ਤੇ ਮਾਨਤਾ ਦੇਣ ਵਿਚ ਹੈ। ਨਸਲ, ਭਾਸ਼ਾ, ਭੂਗੋਲਿਕ ਖਿੱਤਾ ਤੇ ਸੱਭਿਆਚਾਰਕ ਪੱਧਰ ’ਤੇ ਭਾਵੇਂ ਮਨੁੱਖਤਾ ਵਿਚ ਅਨੇਕਾਂ ਵਖਰੇਵੇਂ ਹਨ ਪਰ ਇਕ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋਣ ਸਦਕਾ ਸਾਰੀ ਕਾਇਨਾਤ ਇਕ ਸਾਂਝੇ ਸੂਤਰ ਵਿੱਚ ਵੀ ਪਰੋਈ ਹੋਈ ਹੈ। ਇਸ ਵਿੱਚ ਕੋਈ ਕਿਸੇ ਤੋਂ ਉਚਾ ਨੀਵਾਂ ਨਹੀਂ ਹੈ। ਸ. ਕੇਸਰ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਮਨੁੱਖ ਦੀ ਸ਼ਖ਼ਸੀਅਤ ਉਸਾਰੀ ਵਿਚ ਵਿਦਿਆਰਥੀ ਜੀਵਨ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਸਮੇਂ ਦੌਰਾਨ ਜੇਕਰ ਵਿਦਿਆਰਥੀ ਮਨੁੱਖੀ ਸਦਭਾਵਨਾ ਦੀ ਸਿੱਖਿਆ ਦੇਣ ਵਾਲਾ ਗਿਆਨ ਹਾਸਲ ਕਰ ਲੈਂਦਾ ਹੈ ਤਾਂ ਫਿਰਕੂ ਜਨੂੰਨ ਤੋਂ ਰਹਿਤ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ। ਉਨ੍ਹਾਂ ਸ਼ੋਸ਼ਲ ਮੀਡੀਏ ਦੇ ਵੱਧ ਰਹੇ ਪ੍ਰਭਾਵ ਦੀ ਗੱਲ ਕਰਦੇ ਹੋਏ ਕਿਹਾ ਕਿ ਸ਼ੋਸ਼ਲ ਮੀਡੀਆ ਸੰਚਾਰ ਦੇ ਇਕ ਬਹੁਤ ਹੀ ਜੋਰਾਵਰ ਰੂਪ ਵਿੱਚ ਸਾਹਮਣੇ ਆ ਰਿਹਾ ਹੈ, ਵਿਦਿਆਰਥੀਆਂ ਨੂੰ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਦਿਆਂ ਕਿਹਾ ਕਿ ਅਨੇਕਤਾ ਵਿੱਚ ਏਕਤਾ ਭਾਰਤੀ ਸਮਾਜ ਦੀ ਵਿਖੱਲਣ ਵਿਸ਼ੇਸ਼ਤਾ ਹੈ ਅਤੇ ਸੰਪਰਦਾਇਕ ਸਦਭਾਵਨਾ ਕਾਰਨ ਹੀ ਭਾਰਤ ਦੀ ਅਖੰਡਤਾ ਬਰਕਰਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਦਰਸਾਏ ਰਸਤੇ ’ਤੇ ਚਲਦੇ ਹੋਏ ਧਾਰਮਿਕ ਸਹਿਣਸ਼ੀਲਤਾ ਦੇ ਧਾਰਨੀ ਬਣਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਉਸਾਰੂ ਰੋਲ ਅਦਾ ਕਰ ਸਕਣ। ਕਾਲਜ ਵਿੱਚ ਮਨਾਏ ਸੰਪਰਦਾਇਕ ਸਦਭਾਵਨਾ ਹਫ਼ਤੇ ਸਬੰਧੀ ਜਾਣਕਾਰੀ ਦਿੰਦਿਆਂ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸਪਨਾ ਅਤੇ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸਹਿਣਸ਼ੀਲਤਾ ਸਬੰਧੀ ਵੱਖ-ਵੱਖ ਗਤੀਵਿਧੀਆਂ ਵਿੱਚ ਉਤਸ਼ਾਹ ਪੂਰਵਕ ਭਾਗ ਲਿਆ ਗਿਆ ਹੈ।
ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਏਕ ਨੂਰ ਤੇ ਸਭੁ ਜਗੁ ਉਪਜਿਆ’ ਵਿਸ਼ੇ ’ਤੇ ਅਹਿਮ ਸੈਮੀਨਾਰ



