Skip to content
Independent perspectives. Global stories.
BREAKING

ਸ਼ਹੀਦ ਮਨਜਿੰਦਰ ਸਿੰਘ ਦੇ ਨਾਂਅ ’ਤੇ ਬਣੇਗਾ ਪਿੰਡ ਬਣਾਵਾਲੀ ਵਿਖੇ ਸਰਕਾਰੀ ਸਕੂਲ : ਮਨਪ੍ਰੀਤ ਸਿੰਘ ਬਾਦਲ

Share this story

ਸ਼ਹੀਦ ਨਮਿਤ ਪਿੰਡ ਬਣਾਵਾਲੀ ਦੇ ਗੁਰੂਦੁਆਰਾ ਸਾਹਿਬ ਵਿਖੇ ਪਾਏ ਗਏ ਪਾਠ ਦੇ ਭੋਗ

ਬਣਾਵਾਲੀ/ਮਾਨਸਾ, 24 ਨਵੰਬਰ (ਵਿਪਨ ਗੋਇਲ, ਬਲਜੀਤ ਪਾਲ)- ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੱਖਣੀ ਕਸ਼ਮੀਰ ਦੇ ਕੁਲਗਾਮ ਤੇ ਤਰਾਲ ਜ਼ਿਲ੍ਹੇ ਦੇ ਦੇਵਸਰ ਇਲਾਕੇ ਵਿੱਚ ਫੌਜ ਦੇ ਆਪ੍ਰੇਸ਼ਨ (ਆਲ ਆਊਟ) ਵਿੱਚ ਫੌਜ ਅਤੇ ਅੱਤਵਾਦੀਆਂ ਵਿੱਚ ਹੋਈ ਭਾਰੀ ਗੋਲੀਬਾਰੀ ਦੌਰਾਨ 14 ਨਵੰਬਰ ਨੂੰ ਸ਼ਹੀਦ ਹੋਏ ਮਨਜਿੰਦਰ ਸਿੰਘ ਨਮਿੱਤ ਅੱਜ ਉਨ੍ਹਾਂ ਦੇ ਪਿੰਡ ਬਣਾਵਾਲੀ ਦੇ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਰਹੂ-ਰੀਤਾਂ ਨਾਲ ਪਾਠ ਦਾ ਭੋਗ ਪਾਇਆ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਬਣਾਵਾਲੀ ਦੇ ਗੁਰੂਦੁਆਰਾ ਸਾਹਿਬ ਵਿਖੇ ਸ਼ਹੀਦ ਮਨਜਿੰਦਰ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਨ੍ਹਾਂ ਤੋਂ ਇਲਾਵਾ ਮੈਂਬਰ ਰਾਜ ਸਭਾ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ, ਸਾਬਕਾ ਵਿਧਾਇਕ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ ਅਤੇ ਹਜ਼ਾਰਾਂ ਨਮ ਅੱਖਾਂ ਵੱਲੋਂ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਮਨਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ‘ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ’। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਕਦੇ ਮਰਦੇ ਨਹੀਂ ਬਲਕਿ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਮਨਜਿੰਦਰ ਸਿੰਘ ਦੇ ਨਾਂਅ ’ਤੇ ਸਕੂਲ ਖੋਲ੍ਹਿਆ ਜਾਵੇਗਾ ਅਤੇ ਜਲਦੀ ਹੀ ਸਕੂਲ ਲਈ 25 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੀ ਮਨਪ੍ਰੀਤ ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਸ਼੍ਰੀ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਦੀ ਰਾਸ਼ੀ ਸ਼ਹੀਦ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਅਤੇ ਮਾਤਾ ਸ਼੍ਰੀਮਤੀ ਕਰਮਜੀਤ ਕੌਰ ਨੂੰ 2.50-2.50 ਲੱਖ ਰੁਪਏ ਦੇ ਚੈਕ ਸੌਂਪੇ। ਇਸ ਮੌਕੇ ਰਾਜ ਸਭਾ ਮੈਂਬਰ ਸ਼੍ਰੀ ਬਲਵਿੰਦਰ ਸਿੰਘ ਭੂੰਦੜ ਨੇ ਵੀ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਾਬਕਾ ਵਿਧਾਇਕ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ, ਐਸ.ਡੀ.ਐਮ. ਸ਼੍ਰੀ ਲਤੀਫ ਅਹਿਮਦ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਸ਼੍ਰੀ ਜਤਿੰਦਰ ਅਰੋੜਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਸੁਖਦੇਵ ਸਿੰਘ ਚੈਨੇਵਾਲਾ, ਸ਼੍ਰੀ ਗੁਰਮੇਲ ਸਿੰਘ ਫਫੜੇ ਭਾਈਕੇ, ਸ਼੍ਰੀ ਗੁਰਪ੍ਰੀਤ ਸਿੰਘ ਬਣਾਵਾਲੀ, ਪ੍ਰਧਾਨ ਕਿਸਾਨ ਯੂਨੀਅਨ ਪੰਜਾਬ ਸ਼੍ਰੀ ਰੁਲਦੂ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਭੋਲਾ, ਸ਼੍ਰੀ ਰੇਸ਼ਮ ਸਿੰਘ, ਸ਼੍ਰੀ ਸੁੱਖੀ ਭੰਮਾਂ ਤੋਂ ਇਲਾਵਾ ਹੋਰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

WRITTEN BY