ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 24 ਨਵੰਬਰ (ਸੁਰਿੰਦਰ ਚੱਠਾ)- ਚੱਕ ਬੀੜ ਸਰਕਾਰ ਦੇ ਵਸਨੀਕ ਨੌਜਵਾਨ ਹਰਦੀਪ ਸਿੰਘ ਹੀਰਾ ਦੀ ਗੁੰਮਸ਼ੁਦਗੀ ਦੇ ਸੰਬੰਧ ਵਿੱਚ ਬਣੀ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਮੁਕਤੇ ਮੀਨਾਰ ਪਾਰਕ ਵਿੱਚ ਹੋਈ। ਇਸ ਮੀਟਿੰਗ ਵਿੱਚ ਹੀਰਾ ਦੀ ਭਾਲ ਨੂੰ ਹੋਰ ਤੇਜ਼ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਖਿਲਾਫ 28 ਨਵੰਬਰ ਨੂੰ ਐਸ.ਐਸ.ਪੀ ਦਫਤਰ ਦੇ ਸਾਹਮਣੇ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਸੱਦੇ ਤੇ ਵੱਖ ਵੱਖ ਜਮਹੂਰੀ ਜੱਥੇਬੰਦੀਆਂ ਦੇ ਆਗੂ ਸਾਮਿਲ ਹੋਏ। ਸੰਘਰਸ਼ ਕਮੇਟੀ ਦੇ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਨਵੰਬਰ ਨੂੰ ਪਹਿਲਾਂ ਮੁਕਤੇ ਮੀਨਾਰ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਪਾਰਕ ਤੋਂ ਮਾਰਚ ਕਰਕੇ ਐਸ.ਐਸ.ਪੀ ਦਫਤਰ ਦੇ ਸਾਹਮਣੇ ਭਰਪੂਰ ਪ੍ਰਦਰਸ਼ਨ ਕੀਤਾ ਜਾਵੇਗਾ। ਜੱਗਾ ਨੇ ਦੱਸਿਆ ਕਿ ਹਰਦੀਪ ਸਿੰਘ ਹੀਰਾ ਨੂੰ ਲਾਪਤਾ ਹੋਏ 1 ਮਹੀਨੇ ਤੋਂ ਵੱਧ ਸਮਾਂ ਗੁਜਰ ਚੁਕਿਆ ਹੈ ਪਰ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਚਲਦਿਆਂ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾ ਦੋਸ਼ ਲਾਇਆ ਕਿ ਪੁਲਿਸ ਨੇ ਹਰਦੀਪ ਸਿੰਘ ਹੀਰਾ ਦੀ ਭਾਲ ਸਬੰਧੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਜਦਕਿ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਸਬੰਧੀ ਸੰਘਰਸ਼ ਕਮੇਟੀ ਵੱਲੋਂ ਪਿੰਡ ਵਾਸੀਆਂ ਦੀ ਮੱਦਦ ਨਾਲ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਜਾ ਚੁੱਕਾ ਹੈ ਪਰ ਫਿਰ ਵੀ ਪੁਲਿਸ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਜਿਕਰਯੋਗ ਹੈ ਕਿ ਕਰੀਬ 1 ਮਹੀਨਾ ਪਹਿਲਾਂ ਹਰਦੀਪ ਸਿੰਘ ਹੀਰਾ ਨੂੰ ਮਿਡ-ਵੇ ਰੈੱਸਟੋਰੈਂਟ ਦੇ ਗੇਟ ਕੋਲੋ ਅਣਪਛਾਤੇ ਵਿਅਕਤੀਆਂ ਵੱਲੋਂ ਅਗਾਹ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਦੀ ਕੋਈ ਉਗਸੁਗ ਨਹੀਂ ਮਿਲੀ।
ਜਗਮੀਤ ਸਿੰਘ ਜੱਗਾ ਨੇ 28 ਨਵੰਬਰ ਨੂੰ ਹੋਰ ਰਹੀ ਰੋਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸਮੂਹ ਜੱਥੇਬੰਦੀਆਂ ਨੁੂੰ ਸੱਦਾ ਦਿੱਤਾ ਹੈ। ਮੀਟਿੰਗ ਵਿੱਚ ਜਗਜੀਤ ਸਿੰਘ ਜੱਸੇਆਣਾ ਨੇ ਆਏ ਹੋਏ ਲੋਕਾਂ ਨੂੰ ਮੱਦਦ ਕਰਨ ਲਈ ਧੰਨਵਾਦ ਕੀਤਾ। ਸੰਘਰਸ਼ ਕਮੇਟੀ ਵਿੱਚ ਇਨਸਾਫ ਟੀਮ, ਦਿਹਾਤੀ ਮਜਦੂਰ ਸਭਾ, ਭੱਠਾ ਨਿਰਮਾਣ ਯੁੂਨੀਅਨ, ਬਿਜਲੀ ਬੋਰਡ, ਲੋਕ ਅਧਿਕਾਰ ਪਾਰਟੀ, ਦਲਿਤ ਦਾਸਤਾ, ਸਿੰਘ ਸਭਾ, ਸਿੱਖ ਵਿਰਸਾ, ਵਿਗਾਸ ਫਾਊਂਡੇਸ਼ਨ, ਵਾਲਮੀਕ ਸਮਾਜ ਭਲਾਈ, ਸਰਵ ਭਲਾਈਯੂਥ ਕਲੱਬ ਅਤੇ ਸਮੂਹ ਸੰਗਤ ਚੱਕ ਬੀੜ ਸਰਕਾਰ ਸ਼ਾਮਿਲ ਸਨ। ਸਾਰਿਆਂ ਨੇ ਹੀਰਾ ਦੀ ਭਾਲ ਲਈ ਲੋੜੀਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਹਰਦੀਪ ਸਿੰਘ ਹੀਰਾ ਦੀ ਭਾਲ ਸਬੰਧੀ ਬਣੀ ਕਮੇਟੀ ਨੇ ਸੰਘਰਸ਼ ਤੇਜ਼ ਕਰਨ ਦਾ ਕੀਤਾ ਐਲਾਨ



