June 21, 2026 1:05 pm

ਸਰਕਾਰ ਦੀ ਬੇਰੁਖ਼ੀ ਕਾਰਨ ਪਰਮਵੀਰ ਚੱਕਰ ਨੂੰ ਵਿਦੇਸ਼ ’ਚ ਨਿਲਾਮ ਕਰਨ ਲਈ ਮਜਬੂਰ ਹੋਇਆ ਪਰਿਵਾਰ

pc ਬਰਨਾਲਾ, 9 ਜਨਵਰੀ (ਕੁਲਦੀਪ ਸੂਦ)-ਬਰਨਾਲਾ ਜ਼ਿਲੇ ਦੇ ਪਿੰਡ ਮੱਲ੍ਹੀਆਂ ਦੇ ਪਹਿਲੇ ਅਜਿਹੇ ਪਰਮਵੀਰ ਚੱਕਰ ਵਿਜੇਤਾ ਜਿਨ੍ਹਾਂ ਨੂੰ ਇਹ ਬਹਾਦਰੀ ਪੁਰਸਕਾਰ ਜਿਉਂਦੇ ਜੀਅ ਪ੍ਰਾਪਤ ਹੋਇਆ, ਉਸ ਪਰਿਵਾਰ ਵੱਲੋਂ ਸਰਕਾਰਾਂ ਦੀਆਂ ਬੇਰੁਖ਼ੀਆਂ ਕਾਰਨ ਇਹ ਬਹਾਦਰੀ ਪੁਰਸਕਾਰ ਵਿਦੇਸ਼ਾਂ ਵਿਚ ਨਿਲਾਮ ਕਰਨ ਦਾ ਐਲਾਨ ਕੀਤੇ ਜਾਣ ਪਿੱਛੋਂ ਨਵੀਂ ਚਰਚਾ ਨੇ ਜਨਮ ਲੈ ਲਿਆ ਹੈ। ਕੈਪਟਨ ਕਰਮ ਸਿੰਘ ਮੱਲ੍ਹੀ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਲੜਾਈ ਸਮੇਂ ਆਪਣੇ ਸਾਥੀਆਂ ਸਮੇਤ 72 ਘੰਟੇ ਤਿੱਖਵਾਲ (ਜੰਮੂ-ਕਸ਼ਮੀਰ) ਦੀ ਪਹਾੜੀ ਦੇ ਲੜਦਿਆਂ ਭਾਰਤ ਦਾ ਝੰਡਾ ਬੁਲੰਦ ਰੱਖਿਆ। ਉਸ ਸਮੇਂ ਲੈਸ ਨਾਇਕ ਕੈਪਟਨ ਕਰਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਇੱਕ ਸਾਲ ਹਸਪਤਾਲ ਵਿਚ ਦਾਖਲ ਰਿਹਾ। ਉਸ ਸਮੇਂ 13 ਅਕਤੂਬਰ 1948 ਨੂੰ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਪਰਮਵੀਰ ਚੱਕਰ ਵਿਜੇਤਾ ਐਲਾਨਿਆ, ਜੋ ਬਾਅਦ ਵਿਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਹੋਣ ਉਪਰੰਤ 1950 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡਾ: ਰਜਿੰਦਰ ਪ੍ਰਸਾਦ ਨੇ ਦਿੱਤਾ ਸੀ। ਕੈਪਟਨ ਕਰਮ ਸਿੰਘ ਮੱਲ੍ਹੀ ਦੇ ਸਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੈਪਟਨ ਕਰਮ ਸਿੰਘ ਦੀ ਬਹਾਦਰੀ ਉਪਰੰਤ ਸਰਕਾਰਾਂ ਵੱਲੋਂ ਪੈਟਰੋਲ ਪੰਪ ਅਤੇ ਗੈਸ ਏਜੰਸੀ ਦੇਣ ਦੇ ਐਲਾਨ ਕੀਤੇ ਗਏ, ਪ੍ਰੰਤੂ ਬਾਅਦ ਵਿਚ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕਿਸੇ ਜਿੰਦਾ ਵਿਅਕਤੀ ਨੂੰ ਇਹ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਪਰਮਜੀਤ

ਸਿੰਘ ਨੇ ਦੱਸਿਆ ਕਿ 1993 ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜੋ ਉਨ੍ਹਾਂ ਦੇ ਪਿਤਾ ਨੂੰ ਰਿਵਾਲਵਰ ਹਿਫ਼ਾਜ਼ਤ ਲਈ ਮਿਲਿਆ ਸੀ ਉਸ ਦਾ ਲਾਇਸੰਸ ਆਪਣੇ ਪੁੱਤਰਾਂ ਦੇ ਨਾਂਅ ਕਰਵਾਉਣ ਲਈ ਵੀ ਉਨ੍ਹਾਂ ਨੂੰ ਅਧਿਕਾਰੀਆਂ ਨੇ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਬਾਰਡਰ ਪਾਰ ਕਰਕੇ ਗਏ ਸਰਬਜੀਤ ਸਿੰਘ ਦੇ ਪਰਿਵਾਰ ਨੂੰ ਤਾਂ ਸਰਕਾਰ ਨੇ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਅਤੇ ਉਸ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ। ਇੱਥੋਂ ਤੱਕ ਕਿ ਜੰਮੂ ਕਸ਼ਮੀਰ ਵਿਚ ਰਹਿੰਦੇ ਪਰਮਵੀਰ ਚੱਕਰ ਵਿਜੇਤਾ ਸਿੱਖ ਬਾਨਾ ਸਿੰਘ ਨੂੰ ਪੰਜਾਬ ਸਰਕਾਰ ਨੇ 25 ਲੱਖ ਅਤੇ ਚੰਡੀਗੜ੍ਹ ਫਲੈਟ ਦੇਣ ਦਾ ਐਲਾਨ ਕੀਤਾ, ਪ੍ਰੰਤੂ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨੇ ਸਾਰ ਨਹੀਂ ਲਈ। ਪਰਿਵਾਰ ਨੇ ਦੋਸ਼ ਲਾਇਆ ਕਿ ਉਹ ਆਪਣੇ ਪਿਤਾ ਦੀ ਬਰਸੀ ਆਪਣੇ ਤੌਰ ਤੇ ਮਨਾਉਂਦੇ ਰਹੇ ਹਨ। ਕਦੇ ਕੋਈ ਸਰਕਾਰੀ ਅਧਿਕਾਰੀ ਬਰਸੀ ਤੇ ਪਹੁੰਚਣ ਲਈ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਅੰਗਰੇਜ਼ ਸਰਕਾਰ ਵੱਲੋਂ 1942 ‘ਚ ਮਿਲਟਰੀ ਮੈਡਲ ਵੀ ਦਿੱਤਾ ਗਿਆ ਸੀ। ਕੈਪਟਨ ਕਰਮ ਸਿੰਘ ਮੱਲ੍ਹੀ ਦੇ ਪੋਤਰੇ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 20 ਸਾਲਾਂ ਤੋਂ ਸਰਕਾਰ ਦੁਆਰੇ ਧੱਕੇ ਖਾ ਰਿਹਾ ਹੈ। ਚਾਰ ਵਾਰ ਮੁੱਖ ਮੰਤਰੀ ਨੂੰ ਪਰਿਵਾਰ ਨੂੰ ਸਹੂਲਤਾਂ ਦੇਣ ਵਾਰੇ ਫਾਈਲ ਭੇਜੀ ਗਈ, ਪ੍ਰੰਤੂ ਕਦੇ ਕੋਈ ਗੱਲ ਨਹੀਂ ਸੁਣੀ ਗਈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਦੀਆਂ ਝੂਠੀਆਂ ਤਸੱਲੀਆਂ ਤੋਂ ਇਨ੍ਹਾਂ ਅੱਕ ਚੁੱਕੇ ਹਾਂ ਕਿ ਆਪਣੇ ਬਜ਼ੁਰਗਾਂ ਵੱਲੋਂ ਇਸ ਦੇਸ਼ ਦੀ ਆਨ-ਸ਼ਾਨ ਦੀ ਰਾਖੀ ਲਈ ਜਿੱਤਿਆ ਪਰਮਵੀਰ ਚੱਕਰ ਵਿਦੇਸ਼ਾਂ ਵਿਚ ਇਸ ਲਈ ਨਿਲਾਮ ਕਰਾਂਗੇ ਕਿਉਂਕਿ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ।

Send this to a friend