ਸ੍ਰੀ ਕੀਰਤਪੁਰ ਸਾਹਿਬ, 9 ਜਨਵਰੀ (ਨਿਤਿਨ ਕਪਿਲ) ਅਦਾਲਤੀ ਹੁਕਮਾਂ ਦੇ ਬਾਵਜੂਦ ਬਲਾਕ ਆਨੰਦਪੁਰ ਸਾਹਿਬ ਵਿੱਚ ਪੈਂਦੇ ਦਰਿਆ ਸਤਲੁਜ ਨੇੜਲੇ ਇਲਾਕਿਆਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਸਥਾਨਿਕ ਪ੍ਰਸ਼ਾਸਨ ਦੀ ਕਥਿਤ ਮਿਲੀ ਭੁਗਤ ਨਾਲ ਧੜੱਲੇ ਨਾਲ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਜਦੀਕੀ ਪਿੰਡ ਜੋ ਸਤਲੁਜ ਦਰਿਆ ਦੇ ਨੇੜੇ ਲੱਗੇ ਕਰੈਸ਼ਰਾਂ ਵਾਲੇ ਰਾਤ ਦੇ ਹਨੇਰੇ ਵਿੱਚ ਨਾਜਾਇਜ਼ ਤੌਰ ’ਤੇ ਮਸ਼ੀਨਾਂ ਲਗਾ ਕੇ ਦਰਿਆ ਵਿੱਚੋਂ ਮਾਈਨਿੰਗ ਕਰਦੇ ਹਨ ਤੇ ਟਿੱਪਰਾਂ ਰਾਹੀ ਉਸ ਮਾਲ ਨੂੰ ਆਪਣੇ-ਆਪਣੇ ਕਰੈਸ਼ਰਾਂ ’ਤੇ ਲੈ ਆਉਂਦੇ ਹਨ ਤੇ ਰਾਤ ਸਮੇਂ ਹੀ ਕਰੈਸ਼ਰਾਂ ਚੱਲਦੇ ਹਨ ਫਿਰ ਤਿਆਰ ਕੀਤਾ ਰੇਤਾ ਬਜਰੀ ਨੂੰ ਅੱਗੇ ਟਿੱਪਰਾਂ ਵਿੱਚ ਭਰ ਕੇ ਅੱਗੇ ਬਾਹਰ ਸਪਲਾਈ ਕੀਤਾ ਜਾਂਦਾ ਹੈ ਅਤੇ ਦਿਨ ਚੜ੍ਹਦੇ ਨੂੰ ਕਰੈਸਰ ਬੰਦ ਕਰਕੇ ਚਲੇ ਜਾਂਦੇ ਹਨ। ਜਿਥੇ ਇਹ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਥੇ ਹੀ
ਇਹ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲਗਾ ਰਹੇ ਹਨ, ਪਰ ਪਤਾ ਨਹੀਂ ਸਥਾਨਿਕ ਪ੍ਰਸ਼ਾਸਨ ਇਨ੍ਹਾਂ ’ਤੇ ਕੋਈ ਕਰਵਾਈ ਕਰਨ ਵਿੱਚ ਕੁਤਾਹੀ ਕਿਉਂ ਵਰਤ ਰਿਹਾ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅੱਗਰਵਾਲ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਇੱਕ ਟੀਮ ਇੱਥੇ ਚੈਕਿੰਗ ਕਰਨ ਲਈ ਭੇਜ ਰਹੇ ਹਨ।