ਚੰਡੀਗੜ੍ਹ, 9 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਵਿੱਚ ਜਿੱਥੇ ਬਿਜਲੀ, ਸਨਅਤ, ਸਿਹਤ ਅਤੇ ਸਿੱਖਿਆ ਵਿੱਚ ਪੰਜਾਬ ਮੋਹਰੀ ਸੂਬਾ ਬਨਣ ਜਾ ਰਿਹਾ ਹੈ, ਉਥੇ ਹੀ ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਹ ਗੱਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਲੇਬਰਫੈੱਡ, ਪੰਜਾਬ ਦਾ ਕੈਲੰਡਰ ਤੇ ਡਾਇਰੀ ਰਿਲੀਜ਼ ਕਰਨ ਮੌਕੇ ਕਹੀ। ਡਾਇਰੀ ਤੇ ਕੈਲੰਡਰ ਰਿਲੀਜ਼ ਕਰਨ ਦੀ ਰਸਮ ਲੇਬਰਫੈੱਡ ਦੇ ਚੇਅਰਮੈਨ ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਵਿੱਚ ਵੱਖ-2 ਬੋਰਡਾਂ ਦੇ ਚੇਅਰਮੈਨਾਂ ਅਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਨਿਭਾਈ ਗਈ। ਸ. ਬਾਦਲ ਨੇ ਕਿਹਾ ਕਿ ਜਿੱਥੇ ਪੰਜਾਬ ਦੀਆਂ ਸਹਿਕਾਰੀ ਸਭਾਵਾਂ ਨੂੰ ਪਹਿਲ ਦੇ ਅਧਾਰ ’ਤੇ ਬੇਰੁਜ਼ਗਾਰੀ ਦੂਰ ਕਰਨ ਅਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ, ਉਥੇ ਹੀ ਜਿੰਮੀਦਾਰਾਂ ਨੂੰ ਸਸਤੀ ਵਿਆਜ਼ ਦਰ ’ਤੇ ਕਰਜ਼ੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਬੈਂਕਾਂ ਨੂੰ ਖੇਤਾਂ ਵਿੱਚ ਪਰਾਲੀ ਨੂੰ ਜਜਬ ਕਰਨ ਲਈ ਘੱਟ
ਵਿਆਜ਼ ’ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਪੰਜਾਬ ਪ੍ਰਦੂਸ਼ਣ ਰਹਿਤ ਸੂਬਾ ਬਣ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸ. ਸੁਖਦਰਸ਼ਨ ਸਿੰਘ ਮਰਾੜ ਨੇ ਸ. ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਸ. ਗੁਰਪ੍ਰਤਾਪ ਸਿੰਘ, ਪਨਕੋਫੈੱਡ, ਪੰਜਾਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਕਾ ਅਤੇ ਲੇਬਰਫੈੱਡ, ਪੰਜਾਬ ਉਪ ਚੇਅਰਮੈਨ ਪਰਵਿੰਦਰ ਸਿੰਘ ਸੋਹਾਣਾ ਹਾਜ਼ਰ ਸਨ।