ਤਪਾ ਮੰਡੀ, 20 ਨਵੰਬਰ (ਰੋਹਿਤ ਸਿੰਗਲਾ)- ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਨੇ ਆਪ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਨਾਂਅ ਡਰੱਗ ਮਾਮਲੇ ਵਿਚ ਆਉਣ ’ਤੇ ਉਨ੍ਹਾਂ ਤੋ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਆਪ ਦੀ ਲੋਕ ਪੱਖੀ ਨੀਤੀ ਸਭ ਦੇ ਸਾਹਮਣੇ ਆ ਗਈ ਹੈ ਕਿਉਕਿ ਡਰੱਗ ਮਾਮਲੇ ਵਿਚ ਪਾਰਟੀ ਦੇ ਸੂਬੇ ਅੰਦਰ ਬੈਠੇ ਸਭ ਤੋ ਵੱਡੇ ਆਗੂ ਦਾ ਨਾਂਅ ਆ ਜਾਣਾ ਸ਼ਰਮਨਾਕ ਗੱਲ ਹੈ। ਜਿਸ ਲਈ ਪਾਰਟੀ ਨੂੰ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਲੋਕ ਜਵਾਬਦੇਹ ਬਣਾਉਣਗੇ। ਸਾਬਕਾ ਵਿਧਾਇਕ ਪੰਜਗਰਾਈ ਨੇ ਇਹ ਵੀ ਕਿਹਾ ਕਿ ਆਪ ਪ੍ਰਤੀ ਲੋਕਾਂ ਦੇ ਮਨਾਂ ਅੰਦਰ ਪਹਿਲਾਂ ਹੀ ਕਾਫੀ ਸ਼ੰਕੇ ਸਨ। ਜਿਸ ਕਾਰਨ ਹੀ ਪੰਜਾਬ ਅੰਦਰ 100 ਸੀਟਾਂ ਜਿੱਤਣ ਵਾਲੀ ਪਾਰਟੀ 20 ਸੀਟਾਂ ਉਪਰ ਸਿਮਟ ਕੇ ਰਹਿ ਗਈ ਸੀ ਕਿਉਕਿ ਪੰਜਾਬ ਦੇ ਲੋਕਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਕੀਤੇ ਤਹੱਈਏ ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੱਥ ਸੂਬੇ ਦੀ ਵਾਂਗਡੋਰ ਫੜਾਉਣਾ ਆਪ ਨਾਲੋਂ 100 ਗੁਣਾ ਜ਼ਿਆਦਾ ਬਿਹਤਰ ਸਮਝਿਆ। ਸਾਬਕਾ ਵਿਧਾਇਕ ਪੰਜਗਰਾਈ ਨੇ ਹਲਕੇ ਭਦੌੜ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਪ੍ਰਤੀ ਉਹ ਪੂਰੀ ਤਰ੍ਹਾਂ ਜ਼ੁੰਮੇਵਾਰੀਆਂ ਨਿਭਾ ਰਹੇ ਹਨ, ਕਿਉਕਿ ਝੋਨੇ ਦੇ ਚੱਲ ਰਹੇ ਸੀਜਣ ਅੰਦਰ ਕਿਸਾਨ, ਮਜ਼ਦੂਰ, ਵਪਾਰੀ ਸਣੇ ਕਿਸੇ ਵੀ ਸਬੰਧਤ ਧਿਰ ਨੂੰ ਕੋਈ ਦਿੱਕਤ ਪੇਸ਼ ਨਹੀ ਆਉਣ ਦਿੱਤੀ ਜਦਕਿ ਫਸਲ ਦੀ ਬੀਜ ਬਿਜਾਈ ਤੋ ਬਾਅਦ ਹਲਕੇ ਦੇ ਪਿੰਡਾਂ ਅਤੇ ਦੋਵੇ ਨਗਰ ਕੌਸਲਾਂ ਅੰਦਰਲੇ ਜੁੰਮੇਵਾਰ ਕੌਸਲਰਾਂ ਨਾਲ ਮੀਟਿੰਗਾਂ ਕਰਕੇ ਹਲਕੇ ਦੀਆ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਚਾਰ ਵਟਾਂਦਰੇ ਕਰਕੇ ਹਲਕੇ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਾਗੇਂ। ਇਸ ਮੌਕੇ ਭੂਪਿੰਦਰ ਸਿੰਘ ਵਿੱਕੀ ਬਰਾੜ, ਸ਼ਰਨਜੀਤ ਸਿੰਘ ਸੰਨੀ ਪੰਜਗਰਾਈ, ਹਰਭਜਨ ਸਿੰਘ ਸਿੱਧੂ, ਜਗਸੀਰ ਸਿੰਘ ਜੱਗਾ ਰੂੜੇਕੇ ਯੂਥ ਆਗੂ, ਸਤਨਾਮ ਸਿੰਘ ਕਾਹਨੇਕੇ, ਗੁਰਵਿੰਦਰ ਸਿੰਘ ਟਹਿਣਾ, ਰਮਣੀਕ ਸਿੰਘ ਸਿੱਕੀ ਵੀ ਹਾਜ਼ਰ ਸਨ।
‘ਆਪ’ ਦੇ ਸਭ ਤੋਂ ਵੱਡੇ ਆਗੂ ਦਾ ਡਰੱਗ ਮਾਮਲੇ ਵਿਚ ਨਾਂਅ ਆ ਜਾਣਾ ਸ਼ਰਮਨਾਕ ਗੱਲ : ਪੰਜਗਰਾਈ



