ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪ੍ਰਧਾਨਗੀ ’ਤੇ ਮੋਹਰ
ਨਵੀਂ ਦਿੱਲੀ, 20 ਨਵੰਬਰ- ਕਾਂਗਰਸ ਵਰਕਿੰਗ ਕਮੇਟੀ ਦੀ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਵਾਸ ਅਸਥਾਨ 10 ਜਨਪਥ ਵਿਖੇ ਸੋਮਵਾਰ ਨੂੰ ਹੋਈ ਬੈਠਕ ਵਿੱਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਪਾਸ ਹੋ ਗਿਆ ਹੈ।ਉਹ ਦਸੰਬਰ ਮਹੀਨੇ ਬਕਾਇਦਾ ਪਾਰਟੀ ਦੇ ਪ੍ਰਧਾਨ ਬਣ ਜਾਣਗੇ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਦੀ ਪ੍ਰਕਿਰਿਆ ਦਾ ਵੀ ਐਲਾਨ ਹੋ ਗਿਆ ਹੈ।ਕਾਂਗਰਸ ਪ੍ਰਧਾਨ ਦੀ ਚੋਣ ਲਈ ਇਕ ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ ਲਈ 4 ਦਸੰਬਰ ਨੂੰ ਨਾਮਜ਼ਦਗੀ ਪਤਰ ਦਾਖ਼ਲ ਹੋਵੇਗਾ, 5 ਦਸੰਬਰ ਤਕ ਨਾਮਜ਼ਦਗੀ ਪਤਰ ਵਾਪਸ ਲਏ ਜਾ ਸਕਣਗੇ ਅਤੇ 16 ਦਸੰਬਰ ਨੂੰ ਵੋਟਿੰਗ ਹੋਵੇਗੀ 19 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਸੇ ਦਿਨ ਪ੍ਰਧਾਨ ਦੇ ਨਾਂਅ ਦਾ ਐਲਾਨ ਹੋਵੇਗਾ।ਕਾਂਗਰਸ ਵਿਚ ਰਾਹੁਲ ਦੇ ਯੁਗ ਦਾ ਰਸਮੀ ਆਗਾਜ਼ ਭਲੇ ਹੀ ਉਨ੍ਹਾਂ ਦੇ ਪ੍ਰਧਾਨ ਬਣਨ ਦੇ ਬਾਅਦ ਤੋਂ ਮੰਨਿਆ ਜਾਵੇਗਾ ਪਰ ਵਿਵਹਾਰਕ ਤੌਰ ‘ਤੇ ਪਾਰਟੀ ਦੀ ਕਮਾਨ ਬੀਤੇ ਕੁਝ ਸਾਲ ਤੋਂ ਬਤੌਰ ਉਪ ਪ੍ਰਧਾਨ ਉਨ੍ਹਾਂ ਦੇ ਹਥਾਂ ਵਿਚ ਹੀ ਹੈ। ਪਾਰਟੀ ਦੇ ਅੰਦਰ ਵੀ ਕਦੇ ਉਨ੍ਹਾਂ ਦੀ ਅਗਵਾਈ ਲੈ ਕੇ ਅਸਹਿਜ ਮਹਿਸੂਸ ਕਰਦੇ ਹੋਏ ਅੰਦਰੂਨੀ ਤੌਰ ‘ਤੇ ਸਵਾਲ ਉਠਾਉਣ ਵਾਲੇ ਕਾਂਗਰਸ ਨੇਤਾ ਵੀ ਹੁਣ ਉਨ੍ਹਾਂ ਦੀ ਅਗਵਾਈ ਸਵੀਕਾਰ ਕਰ ਚੁਕੇ ਹਨ।ਰਾਹੁਲ ਨੇ ਵੀ ਹਾਲ ਦੇ ਸਮੇਂ ਵਿਚ ਆਪਣੀ ਨੌਜਵਾਨ ਨੇਤਾਵਾਂ ਦੀ ਟੀਮ ਦੇ ਨਾਲ ਸੀਨੀਅਰ ਨੇਤਾਵਾਂ ਨੂੰ ਵੀ ਪੂਰੀ ਤਵਜੋ ਦੇ ਕੇ ਇਹ ਸੰਦੇਸ਼ ਦਿਤਾ ਹੈ ਕਿ ਉਹ ਫਿਲਹਾਲ ਕਾਂਗਰਸ ਵਿਚ ਸਾਰਿਆਂ ਨੂੰ ਨਾਲ ਲੈ ਕੇ ਚਲਣ ਦਾ ਇਰਾਦਾ ਰਖਦੇ ਹਨ। ਸੋਨੀਆ ਗਾਂਧੀ ਦੀ ਸਿਹਤ ਖ਼ਰਾਬ ਹੋਣ ਦੇ ਬਾਅਦ ਤੋਂ ਹੀ ਰਾਹੁਲ ਨੂੰ ਪਾਰਟੀ ਦੀ ਕਮਾਨ ਸੌਂਪਣ ਦੀਆਂ ਗਲਾਂ ਚਲ ਰਹੀਆਂ ਹਨ ਪਰ ਕਈ ਮੌਕਿਆਂ ‘ਤੇ ਇਸ ਨੂੰ ਲੈ ਕੇ ਖ਼ੁਦ ਰਾਹੁਲ ਤਿਆਰ ਨਹੀਂ ਦਿਖੇ।
ਹਾਲਾਂਕਿ ਬੀਤੇ ਤਿੰਨ ਮਹੀਨਿਆਂ ਦੌਰਾਨ ਰਾਹੁਲ ਗਾਂਧੀ ਨੇ ਇਸ ਭੁਲੇਖਿਆਂ ਤੋਂ ਬਾਹਰ ਆ ਕੇ ਕਮਾਨ ਸੰਭਾਲਣ ਦੇ ਆਪਣੇ ਇਰਾਦੇ ਸਾਫ਼ ਕਰ ਦਿਤੇ। ਰਾਹੁਲ ਗਾਂਧੀ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲਗੇ ਹੋਏ ਹਨ।ਹੁਣ ਉਨ੍ਹਾਂ ਨੇ ਪਾਰਟੀ ਦੀ ਕਮਾਨ ਸਾਂਭਣ ਦਾ ਪੂਰਾ ਮਨ ਬਣਾ ਲਿਆ ਹੈ।2004 ਵਿਚ ਅਮੇਠੀ ਤੋਂ ਲੋਕ ਸਭਾ ਚੋਣ ਜਿਤ ਕੇ ਰਾਜਨੀਤਕ ਪਾਰੀ ਦਾ ਆਗਾਜ਼ ਕਰਨ ਵਾਲੇ ਰਾਹੁਲ ਗਾਂਧੀ ਨੇ 2007 ਵਿਚ ਬਤੌਰ ਕਾਂਗਰਸ ਜਨਰਲ ਸਕਤਰ ਸੰਗਠਨ ਵਿਚ ਜ਼ਿੰਮੇਵਾਰੀ ਸੰਭਾਲੀ।ਯੂਪੀਏ ਦੀ ਦਸ ਸਾਲ ਦੀ ਸਤਾ ਦੇ ਦੌਰਾਨ ਉਨ੍ਹਾਂ ਨੂੰ ਕਈ ਵਾਰ ਮਨਮੋਹਨ ਸਿੰਘ ਨੇ ਆਪਣੀ ਕੈਬਨਿਟ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਦਿਤਾ ਪਰ ਰਾਹੁਲ ਨੇ ਇਨਕਾਰ ਕਰ ਦਿਤਾ।



