Skip to content
Independent perspectives. Global stories.
BREAKING

ਨਗਰ ਪੰਚਾਇਤ ਬਾਲਿਆਂਵਾਲੀ ਦੇ ਮੀਤ ਪ੍ਰਧਾਨ ਦੀ ਚੋਣ ਮੁਲਤਵੀ

Share this story

ਰਾਮਪੁਰਾ ਫੂਲ, 15 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਨਗਰ ਪੰਚਾਇਤ ਬਾਲਿਆਂਵਾਲੀ ਦੇ ਮੀਤ ਪ੍ਰਧਾਨ ਦੀ ਰੱਖੀ ਗਈ ਅੱਜ ਦੀ ਚੋਣ ਪੁਲੀਸ ਫੋਰਸ ਦੀ ਘਾਟ ਹੋਣ ਕਰਕੇ ਮੁਲਤਵੀ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਨਗਰ ਪੰਚਾਇਤ ਪ੍ਰਧਾਨ ਸੁਖਪਾਲ ਸਿੰਘ ਹੈਪੀ ਅਤੇ ਵਿਰੋਧੀ ਧੜੇ ਵਲੋਂ ਆਪਣੇ ਆਪਣੇ ਧੜੇ ਦਾ ਮੀਤ ਪ੍ਰਧਾਨ ਬਣਾਉਣ ਲਈ ਕੌਂਸਲਰਾਂ ਦੇ ਜੋੜ-ਤੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅੱਜ ਚੋਣ ਸਮੇਂ ਨਗਰ ਪੰਚਾਇਤ ਦਫਤਰ ਵਿਚ ਪ੍ਰਧਾਨ ਸਮੇਤ ਉਸ ਦੇ ਧੜੇ ਦੇ ਕੁੱਲ 6 ਕੌਂਸਲਰ ਮੌਜੂਦ ਸਨ ਅਤੇ ਨਗਰ ਪੰਚਾਇਤ ਦੇ ਈ.ਓ. ਗੁਰਦਾਸ ਸਿੰਘ ਵੀ ਹਾਜਰ ਸਨ ਜਦ ਕਿ ਪ੍ਰਸ਼ਾਸਨ ਵਲੋਂ ਇਸ ਚੋਣ ਲਈ ਰਿਟਰਨਿੰਗ ਆਫੀਸਰ ਵਜੋਂ ਤਹਿਸੀਲਦਾਰ ਮੌੜ ਸਰੋਜ ਰਾਣੀ ਦੀ ਡਿਊਟੀ ਲਗਾਈ ਗਈ ਸੀ। ਪ੍ਰਧਾਨ ਸੁਖਪਾਲ ਸਿੰਘ ਹੈਪੀ ਨੇ ਦੱਸਿਆ ਕਿ ਚੋਣ ਦੌਰਾਨ ਉਨ੍ਹਾਂ ਨਾਲ 5 ਕੌਂਸਲਰ ਮੌਜੂਦ ਸਨ ਅਤੇ ਕੁੱਲ 11 ਕੌਂਸਲਰਾਂ ਵਿਚੋਂ ਉਨ੍ਹਾਂ ਦੇ ਧੜੇ ਕੋਲ 6 ਕੌਂਸਲਰਾਂ ਦਾ ਬਹੁਮਤ ਸੀ ਜਦ ਕਿ ਵਿਰੋਧੀ ਧੜੇ ਦੇ ਮੈਂਬਰ ਗੈਰ ਹਾਜਰ ਸਨ। ਪਰ ਜਦ ਆਰ.ਓ. ਤਹਿਸੀਲਦਾਰ ਸਰੋਜ ਰਾਣੀ ਇਥੇ ਪਹੁੰਚੇ ਤਾਂ ਉਨ੍ਹਾਂ ਪੁਲੀਸ ਫੋਰਸ ਮੰਗਾਉਣ ਲਈ ਫੋਨ ਕੀਤਾ ਪਰ ਫੋਰਸ ਨਾ ਹੋਣ ਕਾਰਨ ਪੁਲੀਸ ਨਾ ਆਈ ਜਿਸ ਕਾਰਨ ਇਸ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਧਾਨ ਹੈਪੀ ਦੇ ਧੜੇ ਵਲੋਂ ਆਪਣਾ ਬਹੁਮਤ ਵਿਖਾ ਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਈਸ਼ਰੋ ਕੌਰ, ਕੌਂਸਲਰ ਮਹਿੰਦਰ ਕੌਰ, ਕੌਂਸਲਰ ਸ਼ੇਰੀ ਸਿੰਘ, ਕੌਂਸਲਰ ਪਰਮਜੀਤ ਕੌਰ, ਕੌਂਸਲਰ ਰਿੰਪੀ ਸਿੰਘ, ਸਾਬਕਾ ਸਰਪੰਚ ਬੇਅੰਤ ਸਿੰਘ, ਨੰਬਰਦਾਰ ਅਮਰਾ ਸਿੰਘ, ਜੰਟਾ ਸਿੰਘ ਆਦਿ ਹਾਜਰ ਸਨ। ਜਦ ਇਸ ਸਬੰਧੀ ਤਹਿਸੀਲਦਾਰ ਸਰੋਜ ਰਾਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਫੋਰਸ ਦੇ ਹੋਰ ਪਾਸੇ ਰੁੱਝੇ ਹੋਣ ਕਾਰਨ ਇਹ ਚੋਣ ਮੁਲਤਵੀ ਕਰਨੀ ਪਈ। ਜਦ ਕਿ ਇਸ ਬਾਰੇ ਐਸ.ਐਚ.ਓ. ਬਾਲਿਆਂਵਾਲੀ ਰਛਪਾਲ ਸਿੰਘ ਨੇ ਕਿਹਾ ਕਿ ਥਾਣੇ ਵਿਚ ਫੋਰਸ ਦੀ ਘਾਟ ਹੋਣ ਕਾਰਨ ਪੁਲੀਸ ਮੁਹੱਈਆ ਨਹੀਂ ਕਰਵਾਈ ਜਾ ਸਕੀ। ਇਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਵਿਰੋਧੀ ਧੜੇ ਦੇ ਰਮੇਸ਼ ਕੁਮਾਰ ਮੀਤ ਪ੍ਰਧਾਨ ਸਨ ਜਿਨਾਂ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ ਅਤੇ ਇਸ ਵਾਰ ਪ੍ਰਧਾਨ ਸੁਖਪਾਲ ਹੈਪੀ ਦਾ ਧੜਾ ਨੰਬਰਦਾਰ ਅਮਰਾ ਸਿੰਘ ਦੀ ਮਾਤਾ ਮਹਿੰਦਰ ਕੌਰ ਕੌਂਸਲਰ ਨੂੰ ਮੀਤ ਪ੍ਰਧਾਨ ਬਣਾਉਣਾ ਚਾਹੁੰਦਾ ਸੀ।

WRITTEN BY