ਜਲੰਧਰ, 15 ਨਵੰਬਰ- ਪੰਜਾਬ ਦੇ ਕਿਸਾਨਾਂ ਨੇ ਹਾਈਕੋਰਟ ਦੇ ਸਖਤ ਹੁਕਮਾਂ ਮਗਰੋਂ ਗੰਨੇ ਦੇ ਭਾਅ ‘ਚ ਵਾਧੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਜਲੰਧਰ ‘ਚ ਨੈਸ਼ਨਲ ਹਾਈਵੇ ਜਾਮ ਨਹੀਂ ਕੀਤਾ। ਉਂਝ ਕਿਸਾਨਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਸਰਕਾਰ ਕੋਈ ਭਰੋਸਾ ਨਹੀਂ ਦੇਵੇਗੀ ਤਾਂ ਉਹ 20 ਨਵੰਬਰ ਨੂੰ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ।ਅਦਾਲਤ ਦੀ ਸਖਤੀ ਕਾਰਨ ਅੱਜ ਕਿਸਾਨਾਂ ਨੇ ਜੀਟੀ ਰੋਡ ਜਾਮ ਕਰਨ ਦੀ ਥਾਂ ਫਗਵਾੜੇ ਦੀ ਦਾਣਾ ਮੰਡੀ ‘ਚ ਇਕਠ ਕੀਤਾ। ਇਸ ਮੌਕੇ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਤਿੰਨ ਮਹੀਨੇ ਤੋਂ ਚੰਡੀਗੜ੍ਹ ਦੇ ਚਕਰ ਮਾਰ-ਮਾਰ ਕੇ ਥਕ ਗਏ ਹਾਂ। ਹੁਣ ਜਾਂ ਤਾਂ ਸਰਕਾਰ ਭਰੋਸਾ ਦੇਵੇ ਜਾਂ ਅਸੀਂ ਸੜਕ ਜਾਮ ਕਰਾਂਗੇ।ਕਾਬਲੇਗੌਰ ਹੈ ਕਿ ਜਲੰਧਰ ਮਾਰਗ ‘ਤੇ ਕਿਸਾਨਾਂ ਵਲੋਂ ਦਿਤੇ ਜਾਣ ਵਾਲੇ ਧਰਨੇ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਕਮ ਦਿਤਾ ਸੀ ਕਿ ਕਪੂਰਥਲਾ ਜ਼ਿਲ੍ਹਾ ਮੈਜਿਸਟਰੇਟ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਧਰਨਾ ਜਾਂ ਮੁਜ਼ਾਹਰਾ ਦੇਣਾ ਗੈਰਕਾਨੂੰਨੀ ਮੰਨਿਆ ਜਾਵੇਗਾ। ਜਸਟਿਸ ਅਜੈ ਕੁਮਾਰ ਮਿਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਨਿਰਦੇਸ਼ ਦਿਤਾ ਕਿ ਜੇਕਰ 15 ਨਵੰਬਰ ਨੂੰ ਧਰਨਾਂ ਜਾਂ ਮੁਜ਼ਾਹਰਾ ਕੀਤਾ ਜਾਂਦਾ ਹੈ ਤਾਂ ਸਰਕਾਰ ਸੀਆਰਪੀਸੀ ਦੀ ਧਾਰਾ 144 ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਵੇ। ਇਹ ਨਿਰਦੇਸ਼ ਭਾਰਤ ਸਰਕਾਰ ਤੇ ਹੋਰਾਂ ਖ਼ਿਲਾਫ਼ ਚੰਡੀਗੜ੍ਹ ਦੀ ‘ਐਰਾਈਵ ਸੇਫ ਸੁਸਾਇਟੀ‘ ਵਲੋਂ ਹਰਮਨ ਸਿੰਘ ਸਿਧੂ ਵਲੋਂ ਜਨਹਿਤ ਵਿਚ ਪਾਈ ਪਟੀਸ਼ਨ ਤੋਂ ਬਾਅਦ ਆਇਆ ਸੀ।ਕਿਸਾਨ ਬਾਕੀ ਸੂਬਿਆਂ ਵਾਂਗ ਗੰਨੇ ਦਾ ਸਮਰਥਨ ਮੁਲ 300 ਤੋਂ 350 ਰੁਪਏ ਕਰਨ ਦੀ ਮੰਗ ਕਰ ਰਹੇ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਹਰਿਆਣੇ ਨੇ ਵੀ ਮੁਲ 330 ਰੁਪਏ ਕਰ ਦਿਤਾ ਹੈ ਪਰ ਪੰਜਾਬ ਸਰਕਾਰ ਮੁਲ ਵਧਾ ਹੀ ਨਹੀਂ ਰਹੀ। ਅਸੀਂ ਤਿੰਨ ਮਹੀਨੇ ਤੋਂ ਚੰਡੀਗੜ੍ਹ ਚਕਰ ਮਾਰ ਰਹੇ ਹਾਂ ਪਰ ਕਿਤੇ ਸੁਣਵਾਈ ਨਹੀਂ ਹੋਈ।ਜਥੇਬੰਦੀ ਦੀ ਪ੍ਰਧਾਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮ ਮੰਨ ਕੇ ਅਸੀਂ ਅਜ ਰੋਡ ਜਾਮ ਨਹੀਂ ਕੀਤਾ। ਸਾਡੀਆਂ ਜਥੇਬੰਦੀਆਂ ਇਕਠੀਆਂ ਹੋ ਰਹੀਆਂ ਹਨ। ਜੇਕਰ ਕੋਈ ਸਰਕਾਰ ਦਾ ਨੁਮਾਇੰਦਾ ਸਾਨੂੰ ਸਮਰਥਨ ਮੁਲ ਵਧਾਉਣ ਨੂੰ ਲੈ ਕੇ ਕੋਈ ਭਰੋਸਾ ਨਹੀਂ ਦਿੰਦਾ ਤਾਂ ਅਸੀਂ ਸੜਕਾਂ ‘ਤੇ ਆਉਣ ਲਈ ਮਜਬੂਰ ਹੋਵਾਂਗੇ। ਅਸੀਂ ਹਾਈਕੋਰਟ ਦੇ ਹੁਕਮਾਂ ਦਾ ਸਨਮਾਨ ਕਰਦੇ ਹਾਂ ਪਰ ਸਾਰੇ ਕਾਨੂੰਨ ਸਿਰਫ ਕਿਸਾਨਾਂ ਲਈ ਹੀ ਤਾਂ ਨਹੀਂ ਹੁੰਦੇ। ਲੋਕਾਂ ਨੂੰ ਜੇਕਰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਲਈ ਸਰਕਾਰ ਜ਼ੁੰਮੇਵਾਰ ਹੋਵੇਗੀ।
ਹਾਈਕੋਰਟ ਦੇ ਹੁਕਮਾਂ ਮਗਰੋਂ ਕਿਸਾਨਾਂ ਨਾ ਲਾਇਆ ਜਾਮ



