ਫਰੈਂਕਫਰਟ (ਜਰਮਨੀ), 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਵਿਖੇ ਸਾਹਿਬੇ ਕਮਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਬਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਬਲਵਿੰਦਰ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਗੁਰਮਤਿ ਵੀਚਾਰ ਕੀਤੀ। ਇਸ ਮੌਕੇ ਬਾਈ ਸੰਦੀਪ ਸਿੰਘ ਖਾਲੜਾ ਵੱਲੋਂ ਵਿਸਥਾਰ ਸਹਿਤ ਦਸ਼ਮੇਸ਼ ਪਿਤਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪਾਸੇ ਪੀਰ ਬੁੱਧੂ ਸ਼ਾਹ ਆਪਣੇ ਦੋ ਪੁੱਤਰ ਅਤੇ ਇਕ ਭਰਾ ਨੂੰ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਕਰਵਾਕੇ ਗੁਰੂ ਸਾਹਿਬ ਪਾਸੋਂ ਬਖਸ਼ਿਸ਼ ਦੇ ਰੂਪ ਵਿਚ ਅੱਧੀ ਦਸਤਾਰ (ਸਿਰੋਪਾ) ਪ੍ਰਾਪਤ ਕਰ ਰਹੇ ਹਨ ਦੂਜੇ ਪਾਸੇ ਅੱਜ ਸਾਡੇ ਧਾਰਮਿਕ ਅਸਥਾਨਾਂ ਤੇ 100-100 ਰੁਪਏ ਲੈ
ਕੇ ਸਿਰੋਪੇ ਦਿਤੇ ਜਾ ਰਹੇ ਹਨ। ਭਾਈ ਕਠਿਆਲੀ ਜੀ ਨੇ ਵੀ ਬੋਲਦਿਆਂ ਕਿਹਾ ਕਿ ਗੁਰੂ ਨੇ ਸਾਰਾ ਸਰਬੰਸ ਵਾਰ ਕੇ ਸਾਨੂੰ ਆਪਣੇ ਪੁੱਤਰਾਂ ਦਾ ਖਿਤਾਬ ਦਿਤਾ ਪਰ ਹਾਲਤ ਇਹ ਹੈ ਕਿ ਸਾਡੇ ਨੌਜੁਆਨ ਗੁਰੂ ਦੀ ਮੋਹਰ ਨੂੰ ਗਵਾ ਕੇ ਸਿਰਾਂ ਤੇ ਦਸਤਾਰਾਂ ਬੰਨਣ ਦੀ ਥਾਂ ਤੇ ਨਿੱਕੇ ਨਿੱਕੇ ਰੁਮਾਰ ਬੰਨਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਧਾਰਮਿਕ ਕਲਾਸਾਂ ਦੇ ਬੱਚਿਆਂ ਨੇ ਕਵਿਤਾਵਾਂ ਵੀ ਗਾਇਨ ਕੀਤੀਆਂ। ਉਪਰੰਤ ਭਾਈ ਬਲਵਿੰਦਰ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ।