June 25, 2026 3:35 pm

ਬਾਜਵਾ ਤੇ ਰਾਹੁਲ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਨਹੀਂ ਬਚਾ ਸਕਦੇ : ਬੀਬੀ ਬਾਦਲ

ਦੇਸ਼ ਨੂੰ ਮਜ਼ਬੂਤ, ਇਮਾਨਦਾਰ ਤੇ ਵਿਕਾਸਪੁਰਸ਼ ਪ੍ਰਧਾਨ ਮੰਤਰੀ ਦੀ ਲੋੜ : ਲੋਕ ਸਭਾ ਮੈਂਬਰ
image ਮਾਨਸਾ, 7 ਜਨਵਰੀ (ਜਸਪਾਲ ਹੀਰੇਵਾਲਾ)-ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਨਾ ਤਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਚਾ ਸਕਦੇ ਹਨ ਅਤੇ ਨਾ ਹੀ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਾਹੁਲ ਗਾਂਧੀ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਵਲੋਂ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਨ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਹੁਣ ਇਸ ਕੂੜ ਪ੍ਰਚਾਰ ਦਾ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਲੋਕ ਕਾਂਗਰਸ ਦੀਆਂ ਚਾਲਾਂ ਤੋਂ ਭਲੀ-ਭਾਂਤ ਜਾਣੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪਿਛਲੇ 10 ਸਾਲਾਂ ਤੋਂ ਦੇਸ਼ ਵਾਸੀਆਂ ’ਤੇ ਮਹਿੰਗਾਈ ਦਾ ਪਹਾੜ ਸੁੱਟਿਆ ਗਿਆ ਹੈ, ਉਥੇ ਮੰਤਰੀਆਂ ਵਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਵੀ ਸਾਰੇ ਹੱਦ ਬੰਨ੍ਹੇ ਟੱਪ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਤਾਂ ਜੋ ਘਪਲਿਆਂ ਦੀ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਵਿਚ ਕਾਂਗਰਸ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਅਤੇ ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਸੂਬਾ ਪ੍ਰਧਾਨ ਬਣੇ ਹਨ,

ਉਦੋਂ ਤੋਂ ਪੰਜਾਬ ਦੇ ਕਾਂਗਰਸੀਆਂ ਵਿਚ ਫੁੱਟ ਵਧੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਂਗਰਸੀਆਂ ਨੂੰ ਕੇਂਦਰ ਸਰਕਾਰ ਤੋਂ ਪੰਜਾਬ ਵਾਸੀਆਂ ਲਈ ਸਹੂਲਤਾਂ ਲਿਆਉਣ ਦੀ ਬਜਾਏ, ਅਹੁਦਿਆਂ ਖਾਤਿਰ ਆਪਸ ਵਿਚ ਲੜਨ ਤੋਂ ਵਿਹਲ ਹੀ ਨਹੀਂ ਮਿਲ ਰਹੀ। ਲੋਕ ਸਭਾ ਮੈਂਬਰ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬੀਬੀ ਬਾਦਲ ਨੇ ਕਿਹਾ ਕਿ ਦੇਸ਼ ਨੂੰ ਭਾਜਪਾ ਦੇ ਸ਼੍ਰੀ ਨਰਿੰਦਰ ਮੋਦੀ ਵਰਗੇ ਮਜ਼ਬੂਤ, ਇਮਾਨਦਾਰ ਅਤੇ ਵਿਕਾਸਪੁਰਸ਼ ਪ੍ਰਧਾਨ ਮੰਤਰੀ ਦੀ ਲੋੜ ਹੈ, ਤਾਂ ਜੋ ਦੇਸ਼ ਤਰੱਕੀ ਵੱਲ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਲੋਕ ਹਿੱਤ ਅਤੇ ਵਿਕਾਸ ਪੱਖੀ ਫੈਸਲੇ ਲੈਣ ਦੇ ਸਮਰੱਥ ਹਨ, ਜਿਸ ਕਰਕੇ ਭਾਰਤ ਵਿਚ ਤਰੱਕੀ ਦੀ ਨਵੀਂ ਲਹਿਰ ਪੈਦਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਵਿਚ ਵੀ ਤਰੱਕੀ ਦੀਆਂ ਹੋਰ ਨਵੀਆਂ ਪੈੜਾਂ ਪੈਣਗੀਆਂ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਪੰਜਾਬ ਦੀਆਂ 13 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਹੰਭਲਾ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਨੁਮਾਇੰਦਗੀ ਮਿਲਣ ਨਾਲ ਹੀ ਪੰਜਾਬ ਨੂੰ ਘੱਟ ਫੰਡ ਦੇਣ ਦੇ ਕੀਤੇ ਜਾ ਰਹੇ ਵਿਤਕਰੇ ਨੂੰ ਖਤਮ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਘੱਟ ਫੰਡ ਦੇ ਬਾਵਜੂਦ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ, ਤਾਂ ਕੇਂਦਰ ਵਿਚ ਨੁਮਾਇੰਦਗੀ ਮਿਲਣ ਨਾਲ ਪੰਜਾਬ ਦੀ ਕਾਇਆ ਕਲਪ ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸੰਗਤ ਦਰਸ਼ਨ ਵਿਚ ਉਹੀ ਮੰਗਾਂ ਲਿਆਉਣ, ਜਿਨ੍ਹਾਂ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਅਤੇ ਹੋਰ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਾਕੇ ਲੋਕਾਂ ’ਤੇ ਮਹਿੰਗਾਈ ਦਾ ਬੋਝ ਪਾਉਣ ਵਾਲੀ ਕਾਂਗਰਸ ਸਰਕਾਰ ਦਾ ਸਫ਼ਾਇਆ ਕਰਨ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ ਹੈ। ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਸਭ ਤੋਂ ਪਹਿਲਾਂ ਇਲਾਕਾ ਵਾਸੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਵਧਾਈ ਵੀ ਦਿੱਤੀ।
ਲੋਕ ਸਭਾ ਮੈਂਬਰ ਨੇ ਅੱਜ ਪਿੰਡ ਰੱਲਾ, ਭੁਪਾਲ ਕਲਾਂ, ਭੁਪਾਲ ਖੁਰਦ, ਅਤਲਾ ਕਲਾਂ, ਅਲੀਸ਼ੇਰ ਕਲਾਂ, ਅਲੀਸ਼ੇਰ ਖੁਰਦ, ਅਨੂਪਗੜ੍ਹ ਅਤੇ ਅਕਲੀਆ ਵਿਖੇ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਲੱਖਾਂ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ। ਉਨ੍ਹਾਂ ਪਿੰਡਾਂ ਵਿਚ ਸਾਂਝੇ ਤੌਰ ’ਤੇ ਕੰਮ ਆਉਣ ਲਈ ਬਰਤਨਾਂ ਦੇ ਸੈਟ ਅਤੇ ਨੌਜਵਾਨਾਂ ਲਈ ਖੇਡ ਕਿੱਟਾਂ ਵੀ ਵੰਡੀਆਂ। ਇਸ ਦੌਰਾਨ ਪਿੰਡ ਰੱਲਾ ਵਿਖੇ ਦੋ ਪੰਚਾਇਤ ਮੈਂਬਰ ਵੀ ਆਪੋ-ਆਪਣੀਆਂ ਪਾਰਟੀਆਂ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ, ਜਿਨ੍ਹਾਂ ਦਾ ਬੀਬੀ ਬਾਦਲ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ੍ਰ. ਭੁਪਿੰਦਰ ਸਿੰਘ ਖੱਟੜਾ, ਸਾਬਕਾ ਵਿਧਾਇਕ ਸ੍ਰ. ਸੁਖਵਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਗੁਰਪ੍ਰੀਤ ਸਿੰਘ ਝੱਬਰ, ਅਕਾਲੀ ਆਗੂ ਸ੍ਰ. ਗੁਰਸੇਵਕ ਸਿੰਘ ਜਵਾਹਰਕੇ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਸ੍ਰ. ਸਵਰਨ ਸਿੰਘ ਹੀਰੇਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰ. ਮਲਕੀਤ ਸਿੰਘ ਸਮਾਓ ਅਤੇ ਨਗਰ ਕੌਂਸਲ ਪ੍ਰਧਾਨ ਸ੍ਰ. ਆਤਮਜੀਤ ਸਿੰਘ ਕਾਲਾ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

Send this to a friend