ਚੰਡੀਗੜ੍ਹ, 14 ਨਵੰਬਰ (ਬਲਜੀਤ ਸਿੰਘ ਬਰਾੜ)- ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਜ ਇਥੇ ਬਿਜਲੀ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਦੇ ਸੀਨੀਅਰ ਅਧਿਕਾਰੀਆਂ ਨਾਲ ਧੂਆਂਦਲੇ ਮੌਸਮ ਦੇ ਮੱਦੇਨਜ਼ਰ ਸੂਬੇ ਦੀ ਬਿਜਲੀ ਉਤਪਾਦਨ ਅਤੇ ਟਰਾਂਸਮਿਸ਼ਨ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਮੌਸਮ ਦੇ ਮੌਜੂਦਾ ਮਿਜਾਜ਼ ਦੇ ਚਲਦਿਆਂ ਪਿਛਲੇ ਹਫਤੇ ਸੂਬੇ ਦੇ ਲੋਕਾਂ ਨੂੰ ਜੋ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪਿਆ, ਉਸ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਰਾਣਾ ਗੁਰਜੀਤ ਸਿੰਘ ਨੇ ਘੰਟੇ ਤੋਂ ਲੰਬੀ ਚੱਲੀ ਮੀਟਿੰਗ ਦੌਰਾਨ ਬਿਜਲੀ ਉਤਪਾਦਨ ਅਤੇ ਵੰਡ ਨਾਲ ਜੁੜੇ ਵਖ-ਵਖ ਪਹਿਲੂਆਂ ਬਾਰੇ ਰਾਜ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿਚ ਸ੍ਰੀ ਸਤੀਸ਼ ਚੰਦਰਾ, ਵਧੀਕ ਮੁਖ ਸਕਤਰ ਬਿਜਲੀ, ਸ੍ਰੀ ਅਨਿਰੁਧ ਤਿਵਾੜੀ, ਪ੍ਰਮੁਖ ਸਕਤਰ, ਨਵ ਅਤੇ ਨਵਿਆਉਣਯੋਗ ਊਰਜਾ ਸਰੋਤ, ਸ੍ਰੀ ਏ. ਵੇਨੂ ਪ੍ਰਸਾਦ, ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ ਅਤੇ ਸ੍ਰੀ ਬਲੌਰ ਸਿੰਘ, ਕਾਰਜਕਾਰੀ ਨਿਰਦੇਸ਼ਕ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਦਸਿਆ ਕਿ ਇਸ ਮੌਕੇ ਸੂਬੇ ਦੇ ਕੁਝ ਹਿਸਿਆਂ ਵਿਚ ਸੰਘਣੇ ਧੂਆਂਦਲੇ ਮੌਸਮ ਕਾਰਣ ਹਾਲ ਹੀ ਵਿਚ ਬਿਜਲੀ ਕਟਾਂ ਅਤੇ ਇਸ ਕਾਰਣ ਉਪਜੀਆਂ ਚੁਣੌਤੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਧੂਆਂਦਲੇ ਮੌਸਮ ਕਾਰਣ ਬਿਜਲੀ ਸਪਲਾਈ ਵਿਚ ਆਈ ਰੁਕਾਵਟ ਬਾਰੇ ਜਾਣਕਾਰੀ ਦਿੰਦਿਆਂ ਇੰਜ. ਐਨ.ਕੇ. ਸ਼ਰਮਾ, ਡਾਇਰੈਕਟਰ, ਬਿਜਲੀ ਵੰਡ ਨੇ ਦਸਿਆ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ ਆ ਰਹੀ 400 ਕੇ.ਵੀ ਟਰਾਂਸਮਿਸ਼ਨ ਲਾਈਨਾਂ ਦੇ ਇੰਸੂਲੇਟਰਾਂ ’ਤੇ ਧੂਏ ਦੀ ਪਰਤ ਜੰਮਣ ਕਰਕੇ ਬਿਜਲੀ ਸਪਲਾਈ ਵਿਚ ਰੁਕਾਵਟ ਆਈ ਸੀ। ਉਨ੍ਹਾਂ ਕਿਹਾ ਕਿ ਹੁਣ ਧੂੰਏ ਦੀ ਸਥਿਤੀ ਵਿਚ ਸੁਧਾਰ ਆ ਜਾਣ ਨਾਲ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸੂਬੇ ਵਿਚ ਬਿਜਲੀ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਧੂਆਂਦਲੇ ਮੌਸਮ ਕਾਰਣ ਉਪਜੀਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਵਿਆਪਕ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਬਿਜਲੀ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਤਜ਼ਰਬੇਕਾਰ ਇੰਜਨੀਅਰਾਂ ਤੋਂ ਸੁਝਾਅ ਮੰਗੇ ਅਤੇ ਚਲ ਰਹੇ ਪ੍ਰੋਜੈਕਟਾਂ, ਭਵਿਖ ਦੀਆਂ ਯੋਜਨਾਵਾਂ ਅਤੇ ਆਧੁਨਿਕ ਤਕਨੀਕਾਂ ਅਪਣਾਉਣ ਬਾਰੇ ਵੀ ਵਿਚਾਰਾਂ ਕੀਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿਚ ਬਿਜਲੀ ਦੀ ਸਪਲਾਈ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ।
ਰਾਣਾ ਗੁਰਜੀਤ ਸਿੰਘ ਨੇ ਧੂਆਂਦਲੇ ਮੌਸਮ ਦੇ ਮੱਦੇਨਜ਼ਰ ਬਿਜਲੀ ਉਤਪਾਦਨ ਤੇ ਟਰਾਂਸਮਿਸ਼ਨ ਸਥਿਤੀ ਦਾ ਲਿਆ ਜਾਇਜ਼ਾ



