June 25, 2026 3:59 am

6 ਮੰਤਰੀਆਂ ਨਾਲ ਕੱਲ੍ਹ ਸਹੁੰ ਚੁੱਕਣਗੇ ਕੇਜਰੀਵਾਲ

ਨਵੀਂ ਦਿੱਲੀ, 24 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
aap
ਸ੍ਰੀ ਕੇਜਰੀਵਾਲ ਨੇ ਅੱਜ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਦਸੰਬਰ ਨੂੰ ਰਾਮਲੀਲਾ ਮੈਦਾਨ ਵਿੱਚ ਆਪਣੇ 6 ਸੰਭਾਵਿਤ ਮੰਤਰੀਆਂ ਸੌਰਭ ਭਾਰਦਵਾਜ, ਰਾਖੀ ਬਿਰਲਾ, ਸੋਮਨਾਥ ਭਾਰਤੀ, ਸਤੈਂਦਰ ਜੈਨ, ਗਿਰੀਸ਼ ਜੋਸ਼ੀ ਅਤੇ ਮਨੀਸ਼ ਸਿਸੋਦੀਆ ਨਾਲ ਮੰਤਰੀ ਪਦ ਦੀ ਸਹੁੰ ਚੁੱਕਣਗੇ। ਦੂਜੇ ਪਾਸੇ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਮੰਤਰੀ ਅਹੁਦੇ ਨੂੰ ਲੈ ਕੇ ਪਾਰਟੀ ਦੇ ਅੰਦਰ ਮਤਭੇਦ ਖੜ੍ਹਾ ਹੋ ਗਿਆ ਹੈ। ਲਕਸ਼ਮੀ ਨਗਰ ਵਿਧਾਨ ਸਭਾ ਸੀਟ ਤੋਂ ਪਾਰਟੀ ਵਿਧਾਇਕ ਵਿਨੋਦ ਕੁਮਾਰ ਬਿਨੀ ਨੇ ਮੰਤਰੀ ਅਹੁਦਾ ਨਾ ਮਿਲਣ ‘ਤੇ ਨਿਰਾਜ਼ਗੀ ਪ੍ਰਗਟ ਕਰਦੇ ਹੋਏ ਪਾਰਟੀ ਦਫ਼ਤਰ ਤੋਂ ਬਾਹਰ ਨਿਕਲ ਗਏ ਅਤੇ ਕੱਲ੍ਹ ਪਾਰਟੀ ਦੇ ਵਿਰੁੱਧ ਵੱਡਾ ਖੁਲਾਸਾ ਕਰਨ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਸਮਰਥਨ ਦੇ ਸਬੰਧ ਵਿੱਚ ਫੇਸਬੁੱਕ ਉੱਪਰ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਘੱਟ ਗਿਣਤੀ ਵਿੱਚ ਸਰਕਾਰ ਬਣਾ ਰਹੇ ਹਾਂ। ਕਾਂਗਰਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਭ੍ਰਿਸ਼ਟਚਾਰ ਦੇ ਮੁੱਦੇ ‘ਤੇ ਕਾਂਗਰਸ ਦੇ ਵਿਰੁੱਧ ਜਾਂਚ ਵੀ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ ਆਮ ਆਦਮੀ ਦੇ ਬਾਰੇ ਸੋਚਦੇ ਹਾਂ ਅਤੇ ਆਮ ਆਦਮੀ ਹੀ ਦੇਸ਼ ਦੀ ਤਕਦੀਰ ਲਿਖੇਗਾ। ਇੱਕ ਹੋਰ ਰਿਪੋਰਟ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਦੇ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ਉੱਪਰ ਹੈ। ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸੂਬੇ ਦੀ ਸਰਕਾਰ ਬਿਜਲੀ ਅਤੇ ਪਾਣੀ ਨੂੰ ਲੈ ਕੇ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਰਹੀ ਤਾਂ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਕਾਂਗਰਸ ਅਤੇ ਭਾਜਪਾ ਨੂੰ ਚਿੱਤ ਕਰ ਸਕਦੀ ਹੈ।

Send this to a friend