Skip to content
Independent perspectives. Global stories.
BREAKING

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਸਮੁੱਚੇ ਬ੍ਰਹਿਮੰਡ ਦੀਆਂ ਸਮੂਹ ਸਮੱਸਿਆਂਵਾਂ ਦਾ ਹੱਲ : ਪ੍ਰੋ. ਬਡੂੰਗਰ

Share this story

ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਸੁਲਤਾਨਪੁਰ ਲੋਧੀ, 2 ਨਵੰਬਰ- ਅੱਜ ਦੇ ਸੁਆਰਥਪੂਰਨ ਤੇ ਆਪੋ-ਧਾਪੀ ਵਾਲੇ ਦੌਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਅਗਵਾਈ ਪ੍ਰਦਾਨ ਕਰਨ ਵਾਲਾ ਅਤੇ ਮਨੁੱਖੀ ਮਨ ਦੀਆਂ ਉਲਝਣਾਂ ਤੇ ਭਟਕਣਾਂ ਨੂੰ ਮਿਟਾਉਣ ਵਾਲਾ ਅਮੁੱਲ ਖਜ਼ਾਨਾ ਹੈ। ਉਨ੍ਹਾਂ ਦੀ ਪਾਵਨ ਬਾਣੀ ਵਿਚ ਸਮੁੱਚੇ ਬ੍ਰਹਿਮੰਡ ਦੀਆਂ ਸਮੂਹ ਸਮੱਸਿਆਂਵਾਂ ਦਾ ਸਮਾਧਾਨ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਤੇ ਪਰਉਪਕਾਰ ਵਿਸ਼ੇ ’ਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਕਰਤ ਕਰਦਿਆਂ ਕੀਤਾ। ਉਨ੍ਹਾਂ ਪਹਿਲੇ ਪਾਤਸ਼ਾਹ ਦੇ ਜੀਵਨ ਪੱਖ ਬਾਰੇ ਬੋਲਦਿਆਂ ਗੁਰੂ ਜੀ ਦੀ ਚਿਰ-ਸਦੀਵ ਵਿਚਾਰਧਾਰਾ ਦੇ ਧਾਰਨੀ ਬਣਨ ਲਈ ਪ੍ਰੇਰਿਆ। ਉਨ੍ਹਾਂ ਪ੍ਰੇਰਨਾ ਕਰਦਿਆਂ ਕਿਹਾ ਕਿ ਅੱਜ ਦੀ ਨੌਜੁਆਨੀ ਅੰਦਰ ਅਕਾਦਮਿਕ ਵਿਦਿਆ ਦੇ ਨਾਲ-ਨਾਲ ਪਹਿਲੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਤੇ ਉਪਦੇਸ਼ ਦਾ ਸੰਚਾਰ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਤੋਂ ਪਹਿਲਾਂ ਪ੍ਰੋ: ਬਡੂੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ਦੀ ਆਰੰਭਤਾ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਹੈਡ ਗ੍ਰੰਥੀ ਭਾਈ ਪਲਵਿੰਦਰ ਸਿੰਘ ਨੇ ਸਮਾਗਮਾਂ ਦੀ ਸਫਲਤਾ ਅਰਦਾਸ ਕੀਤੀ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਲੋਕਾਈ ਸੁਧਾਰ ਦਾ ਮਿਸ਼ਨ ਇਸ ਪਵਿੱਤਰ ਧਰਤੀ ’ਤੇ ਕਈ ਸਾਲ ਰਹਿ ਕੇ ਚਲਾਇਆ। ਸਮਾਗਮਾਂ ਦੀ ਯੋਗ ਅਗਵਾਈ ਕਰਨ ਲਈ ਪ੍ਰੋ: ਬਡੂੰਗਰ ਦਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਆਪਣੇ ਘਰੋਂ ਗਿਆਨ ਲੈਣ ਲਈ ਨਹੀਂ ਸਗੋਂ ਧਰਤਿ ਲੋਕਾਈ ਨੂੰ ਗਿਆਨ ਵੰਡਣ ਲਈ ਤੁਰੇ ਸਨ। ਸਨ ਅਤੇ ਜਿਸ ਦਿਸ਼ਾ ਵਿਚ ਵੀ ਉਹ ਡਾ. ਰੂਪ ਸਿੰਘ ਨੇ ਭਾਈ ਗੁਰਦਾਸ ਜੀ ਦੀ ਬਾਣੀ ਵਿਚੋਂ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਕਾਸ਼ ਦਾ ਮਤਲਬ ਪ੍ਰਗਟ ਹੋਣ ਦੀ ਪ੍ਰਕਿਰਿਆ ਹੈ ਭਾਵ ਜਿਵੇਂ ਮੁੱਢ ਕਦੀਮ ਤੋਂ ਸੂਰਜ ਪ੍ਰਗਟ ਹੈ ਉਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਵੀ ਸਦਾ ਪ੍ਰਗਟ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਵੀ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈਣ ਦੀ ਪ੍ਰੇਰਨਾ ਕੀਤੀ। ਸੈਮੀਨਾਰ ਦੌਰਾਨ ਡਾ. ਰਜਿੰਦਰ ਕੌਰ ਪ੍ਰਿੰਸੀਪਲ ਨੇ ਵਿਚਾਰ ਰੱਖੇ। ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਾ. ਕਸ਼ਮੀਰ ਸਿੰਘ, ਡਾ.ਪਰਮਵੀਰ ਸਿੰਘ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵੀ ਗੁਰੂ ਸਾਹਿਬ ਬਾਰੇ ਜਾਣਕਾਰੀ ਭਰਪੂਰ ਪਰਚੇ ਪੜ੍ਹੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ, ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਕਾਰਸੇਵਾ, ਅੰਤ੍ਰਿੰਗ ਮੈਂਬਰ ਸ. ਸਤਪਾਲ ਸਿੰਘ ਤਲਵੰਡੀ, ਮੈਂਬਰ ਬੀਬੀ ਗੁਰਪ੍ਰੀਤ ਕੌਰ, ਸ.ਸਰਵਣ ਸਿੰਘ ਕੁਲਾਰ, ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਡਾ. ਪਰਮਜੀਤ ਸਿੰਘ ਸਰੋਆ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਚਾਨਣ ਸਿੰਘ ਦੀਪੇਵਾਲ, ਡਾ. ਪਰਮਵੀਰ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਪ੍ਰੀਤਮਹਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ ਰੋਡੇ ਮੈਨੇਜਰ, ਕਾਲਜ ਦੇ ਪ੍ਰਧਾਨ ਇੰਜੀ. ਸਵਰਨ ਸਿੰਘ, ਪ੍ਰਿੰਸੀਪਲ ਸ. ਸੁਖਵਿੰਦਰ ਸਿੰਘ ਰੰਧਾਵਾ, ਵਾਈਸ ਪ੍ਰਿੰਸੀਪਲ ਸ. ਹਰਬੰਸ ਸਿੰਘ, ਸੁਪ੍ਰਿੰਟੈਂਡੈਂਟ ਸ. ਅਮਰੀਕ ਸਿੰਘ, ਵੱਖ-ਵੱਖ ਸਕੂਲਾਂ ਕਾਲਜਾਂ ਦੇ ਪ੍ਰੋਫੈਸਰ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

WRITTEN BY